ਜੈਤੋ, 16 ਮਈ (ਗੁਰਮੀਤਪਾਲ ਰੋੜੀਕਪੂਰਾ)-ਨਗਰ ਕੌਂਸਲ ਚੋਣਾਂ ਦਾ ਮਾਹੌਲ ਗਰਮਾਉਂਦੇ ਹੀ ਸਿਆਸੀ ਗਲਿਆਰਿਆਂ ਵਿਚ ਮੌਕਾ ਪ੍ਰਸਤੀ ਅਤੇ ਸਿਆਸੀ ਨਿਸ਼ਠਾ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਹਨ | ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸੱਤਾਧਾਰੀ ਪਾਰਟੀ ਦੀਆਂ ਟਿਕਟਾਂ ਲਈ ਦਾਅਵੇਦਾਰਾਂ ਦੀ ਲੰਮੀ ਕਤਾਰ ਦੇਖਣ ਨੂੰ ਮਿਲ ਰਹੀ ਹੈ, ਜਦਕਿ ਸੱਤਾ ਤੋਂ ਬਾਹਰ ਬੈਠੀਆਂ ਪਾਰਟੀਆਂ ਨੂੰ ਕਈ ਥਾਵਾਂ 'ਤੇ ਚੁਣ-ਚੁਣ ਕੇ ਉਮੀਦਵਾਰ ਮੈਦਾਨ ਵਿਚ ਉਤਾਰਣੇ ਪੈ ਰਹੇ ਹਨ | ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਸਥਾਨਕ ਚੋਣਾਂ ਵਿਚ ਸੱਤਾਧਾਰੀ ਪਾਰਟੀ ਦੀ ਟਿਕਟ ਨੂੰ ਅਕਸਰ 'ਜਿੱਤ ਦੀ ਗਾਰੰਟੀ' ਵਜੋਂ ਵੇਖਿਆ ਜਾਂਦਾ ਹੈ | ਇਸੇ ਕਰਕੇ ਚੋਣਾਂ ਦੇ ਸਮੇਂ ਬਹੁਤ ਸਾਰੇ ਆਗੂ ਆਪਣੀ ਪੁਰਾਣੀ ਵਿਚਾਰਧਾਰਾ ਅਤੇ ਸਿਆਸੀ ਵਫ਼ਾਦਾਰੀ ਨੂੰ ਪਿੱਛੇ ਛੱਡ ਕੇ ਸੱਤਾ ਵਾਲੀ ਧਿਰ ਦਾ ਰੁਖ ਕਰ ਲੈਂਦੇ ਹਨ | ਕਈ ਵਾਰ ਤਾਂ ਇਕੋ ਵਾਰਡ ਤੋਂ ਟਿਕਟ ਲੈਣ ਲਈ ਕਈ-ਕਈ ਦਾਅਵੇਦਾਰ ਲੋਭ ਅਤੇ ਸਿਆਸੀ ਸਿਫ਼ਾਰਸ਼ਾਂ ਦਾ ਸਹਾਰਾ ਲੈਂਦੇ ਨਜ਼ਰ ਆਉਂਦੇ ਹਨ | ਦੂਜੇ ਪਾਸੇ ਜਿਹੜੀਆਂ ਪਾਰਟੀਆਂ ਸੱਤਾ ਤੋਂ ਬਾਹਰ ਹੁੰਦੀਆਂ ਹਨ, ਉਨ੍ਹਾਂ ਲਈ ਹਾਲਾਤ ਕਾਫ਼ੀ ਵੱਖਰੇ ਹੁੰਦੇ ਹਨ | ਕਈ ਲੋਕ ਚੋਣ ਲੜਨ ਤੋਂ ਕਦਮ ਪਿੱਛੇ ਖਿੱਚ ਲੈਂਦੇ ਹਨ ਕਿਉਂਕਿ ਉਨ੍ਹਾਂ ਨੂੰ ਨਾ ਤਾਂ ਜਿੱਤ ਦੀ ਉਮੀਦ ਹੁੰਦੀ ਹੈ ਅਤੇ ਨਾ ਹੀ ਭਵਿੱਖ ਵਿਚ ਕਿਸੇ ਤਰ੍ਹਾਂ ਦੇ ਸਿਆਸੀ ਲਾਭ ਦੀ ਸੰਭਾਵਨਾ ਦਿਖਾਈ ਦਿੰਦੀ ਹੈ | ਅਜਿਹੇ ਸਮੇਂ ਵਿਚ ਵਿਰੋਧੀ ਪਾਰਟੀਆਂ ਨੂੰ ਆਪਣੇ ਪੁਰਾਣੇ ਵਰਕਰਾਂ ਵੱਲ ਮੁੜ ਦੇਖਣਾ ਪੈਂਦਾ ਹੈ | ਇਹ ਵੀ ਅਕਸਰ ਵੇਖਿਆ ਜਾਂਦਾ ਹੈ ਕਿ ਜਦੋਂ ਕੋਈ ਪਾਰਟੀ ਸੱਤਾ ਵਿਚ ਹੁੰਦੀ ਹੈ ਤਾਂ ਆਮ ਵਰਕਰਾਂ ਨੂੰ ਪਿੱਛੇ ਧੱਕ ਕੇ ਚੌਧਰਾਂ ਮਾਣਣ ਵਾਲੇ ਅਤੇ ਪ੍ਰਭਾਵਸ਼ਾਲੀ ਲੋਕ ਅੱਗੇ ਆ ਜਾਂਦੇ ਹਨ | ਸਾਲਾਂ ਤੱਕ ਪਾਰਟੀ ਲਈ ਮਿਹਨਤ ਕਰਨ ਵਾਲੇ ਜ਼ਮੀਨੀ ਵਰਕਰ ਸਿਰਫ਼ ਭੀੜ ਇਕੱਠੀ ਕਰਨ ਜਾਂ ਝੰਡੇ ਚੁੱਕਣ ਤੱਕ ਹੀ ਸੀਮਤ ਕਰ ਦਿੱਤੇ ਜਾਂਦੇ ਹਨ ਪਰ ਜਿਵੇਂ ਹੀ ਸੱਤਾ ਹੱਥੋਂ ਨਿਕਲਦੀ ਹੈ, ਉਹੀ ਆਮ ਵਰਕਰ ਪਾਰਟੀ ਨੂੰ ਸਭ ਤੋਂ ਵੱਧ ਯਾਦ ਆਉਣ ਲੱਗਦੇ ਹਨ | ਵੱਡੇ ਅਹੁਦੇ ਅਤੇ ਸਹੂਲਤਾਂ ਮਾਨਣ ਵਾਲੇ ਕਈ ਆਗੂ ਮਾੜੇ ਸਮੇਂ ਵਿਚ ਪਾਰਟੀ ਦੀਆਂ ਗਤੀਵਿਧੀਆਂ ਤੋਂ ਦੂਰੀ ਬਣਾਉਣ ਲੱਗ ਜਾਂਦੇ ਹਨ | ਕੁਝ ਹੋਰ ਧਿਰਾਂ ਦਾ ਰੁਖ ਕਰ ਲੈਂਦੇ ਹਨ ਅਤੇ ਕੁਝ ਚੁੱਪੀ ਧਾਰ ਲੈਂਦੇ ਹਨ | ਇਸ ਦੇ ਉਲਟ, ਜਿਹੜੇ ਵਰਕਰ ਸਿਧਾਂਤ ਅਤੇ ਵਿਚਾਰਧਾਰਾ ਨਾਲ ਜੁੜੇ ਹੁੰਦੇ ਹਨ, ਉਹ ਹਰ ਹਾਲਤ ਵਿਚ ਪਾਰਟੀ ਨਾਲ ਖੜ੍ਹੇ ਰਹਿੰਦੇ ਹਨ | ਰਾਜਨੀਤਿਕ ਮਾਹਿਰ ਮੰਨਦੇ ਹਨ ਕਿ ਅਸਲ ਸਿਆਸੀ ਪ੍ਰਪੱਕਤਾ ਦੀ ਪਛਾਣ ਵਿਰੋਧ ਦੇ ਸਮੇਂ ਹੁੰਦੀ ਹੈ | ਜਿਹੜੇ ਲੋਕ ਸਿਰਫ਼ ਸੱਤਾ ਦੇ ਸਮੇਂ ਹੀ ਪਾਰਟੀ ਨਾਲ ਜੁੜੇ ਰਹਿੰਦੇ ਹਨ ਅਤੇ ਮੁਸ਼ਕਿਲ ਵੇਲੇ ਪਾਸਾ ਬਦਲ ਲੈਂਦੇ ਹਨ, ਉਨ੍ਹਾਂ ਨੂੰ ਲੋਕ ਮੌਕਾਪ੍ਰਸਤ ਆਗੂਆਂ ਵਜੋਂ ਦੇਖਦੇ ਹਨ | ਉਨ੍ਹਾਂ ਦਾ ਮੰਨਣਾ ਹੈ ਕਿ ਰਾਜਭਾਗ ਦੇ ਸਮੇਂ ਚੌਧਰ ਮਾਨਣ ਵਾਲੇ ਆਗੂਆਂ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਮਾੜੇ ਸਮੇਂ ਵਿਚ ਵੀ ਪਾਰਟੀ ਅਤੇ ਵਰਕਰਾਂ ਲਈ ਉਤਨੀ ਹੀ ਮਜ਼ਬੂਤੀ ਨਾਲ ਖੜ੍ਹਣ | ਅੱਜ ਦੀ ਸਿਆਸਤ ਵਿਚ ਵਿਚਾਰਧਾਰਾ ਨਾਲੋਂ ਸੱਤਾ ਦੀ ਨਜ਼ਦੀਕੀ ਨੂੰ ਵੱਧ ਮਹੱਤਵ ਮਿਲਣਾ ਲੋਕਤੰਤਰ ਲਈ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ | ਜਦੋਂ ਸਿਆਸਤ ਸਿਰਫ਼ ਨਿੱਜੀ ਲਾਭ ਅਤੇ ਅਹੁਦਿਆਂ ਤੱਕ ਸੀਮਤ ਹੋ ਜਾਵੇ ਤਾਂ ਆਮ ਲੋਕਾਂ ਦਾ ਭਰੋਸਾ ਵੀ ਹੌਲੀ-ਹੌਲੀ ਕਮਜ਼ੋਰ ਹੋਣ ਲੱਗਦਾ ਹੈ | ਇਸ ਕਰਕੇ ਸਿਆਸੀ ਪਾਰਟੀਆਂ ਨੂੰ ਚਾਹੀਦਾ ਹੈ ਕਿ ਉਹ ਸਿਰਫ਼ ਚੋਣ ਸਮੇਂ ਹੀ ਨਹੀਂ, ਸਗੋਂ ਹਰ ਹਾਲਤ ਵਿਚ ਆਪਣੇ ਜ਼ਮੀਨੀ ਵਰਕਰਾਂ ਦਾ ਸਤਿਕਾਰ ਕਰਨ ਅਤੇ ਉਨ੍ਹਾਂ ਨੂੰ ਯੋਗ ਸਥਾਨ ਦੇਣ |