ਫ਼ਰੀਦਕੋਟ, 20 ਮਈ (ਜਸਵੰਤ ਸਿੰਘ ਪੁਰਬਾ)-ਕਿਸੇ ਵੀ ਸੱਭਿਅਤਾ, ਸਮਾਜ ਜਾਂ ਸੱਭਿਆਚਾਰ ਵਾਸਤੇ ਚੰਗਾ ਸਾਹਿਤ ਉਸ ਦੀ ਰੀੜ ਦੀ ਹੱਡੀ ਹੁੰਦਾ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਐਸ.ਐਮ.ਡੀ ਵਰਲਡ ਸਕੂਲ ਕੋਟ ਸੁਖੀਆ ਦੇ ਪਿ੍ੰਸੀਪਲ ਹਰਮੋਹਨ ਸਿੰਘ ਸਾਹਨੀ ਨੇ ਸਕੂਲ ਵਿਚ ਹੋਏ ਸਾਹਿਤਕ ਸਮਾਗਮ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਚੰਗੇ ਲੇਖਕਾਂ ਦੀਆਂ ਪੁਸਤਕਾਂ ਉਨ੍ਹਾਂ ਦੇ ਤਜ਼ਰਬਿਆਂ ਵਿਚੋਂ ਉਪਜੀਆਂ ਹਨ ਅਤੇ ਇਹ ਪਾਠਕਾਂ ਲਈ ਬਹੁਤ ਸਹਾਈ ਹੁੰਦੀਆਂ ਹਨ, ਕਿਉਂਕਿ ਉਨ੍ਹਾਂ ਵਿਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ | ਸਕੂਲ ਵਿਚ ਵਿਸ਼ਵ ਪੰਜਾਬੀ ਸਭਾ ਕੈਨੇਡਾ ਇਕਾਈ ਮਾਲਵਾ ਜ਼ੋਨ ਵਲੋਂ ਰਾਜਵੀਰ ਸੰਧੂ ਦੀ ਅਗਵਾਈ ਵਿਚ ਕਰਵਾਏ ਗਏ ਸਾਹਿਤਕ ਸਮਾਗਮ ਦੌਰਾਨ ਉੱਘੇ ਸਾਹਿਤਕਾਰ ਪ੍ਰਵਾਸੀ ਕੈਨੇਡੀਅਨ ਲੇਖਕ ਕਰਤਾਰ ਸਿੰਘ ਅÏਲਖ ਦੀ ਪੁਸਤਕ 'ਰਾਈ ਦੇ ਪਹਾੜ ਦਾ ਸੱਚ ਭਾਗ ਤੀਜਾ' ਅਤੇ ਜਲੰਧਰ ਦੀ ਵਸਨੀਕ ਰਿਟਾਇਰਡ ਅਧਿਆਪਕਾ ਬੀਬੀ ਅਮਰ ਕੌਰ ਬੇਦੀ ਦੀ ਪੁਸਤਕ ਕਾਵਿ ਸੰਗ੍ਰਹਿ 'ਜੋਦੜੀ' ਨੂੰ ਲੋਕ ਅਰਪਣ ਕੀਤਾ ਗਿਆ | ਰਾਜਵੀਰ ਸੰਧੂ ਪ੍ਰਧਾਨ ਵਿਸ਼ਵ ਪੰਜਾਬੀ ਸਭਾ ਮਾਲਵਾ ਜ਼ੋਨ ਪੰਜਾਬ ਨੇ ਦੱਸਿਆ ਕਿ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਦੇ ਅਸ਼ੀਰਵਾਦ ਅਤੇ ਭਾਰਤ ਦੇ ਪ੍ਰਧਾਨ ਸਾਹਿਤਕਾਰ, ਉੱਘੇ ਸਮਾਜ ਸੇਵੀ ਅਤੇ ਉਦਯੋਗਪਤੀ ਸਤਬੀਰ ਸਿੰਘ ਸਿਫਰ ਦੇ ਸਹਿਯੋਗ ਨਾਲ ਪੰਜਾਬ ਪ੍ਰਧਾਨ ਦਲਬੀਰ ਸਿੰਘ ਰਿਆੜ ਦੀ ਛਤਰ ਛਾਇਆ ਹੇਠ ਲਗਾਤਾਰ ਸਾਹਿਤਕ ਸਮਾਗਮ ਹੋ ਰਹੇ ਹਨ | ਜਿਸ ਵਿਚ ਵੱਖ-ਵੱਖ ਲੇਖਕਾਂ ਦੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ ਜਾਂਦੀਆਂ ਹਨ | ਵਿਸ਼ਵ ਪੰਜਾਬੀ ਸਭਾ ਕੈਨੇਡਾ ਸੰਸਾਰ ਪੱਧਰ 'ਤੇ ਕੰਮ ਕਰਦੀ ਇਕੋ ਇਕ ਅਜਿਹੀ ਸੰਸਥਾ ਹੈ, ਜੋ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ, ਪ੍ਰਸਾਰ ਵਾਸਤੇ ਦਿਨ ਰਾਤ ਕੰਮ ਕਰ ਰਹੀ ਹੈ | ਸੰਸਾਰ ਦੇ ਵੱਖ-ਵੱਖ ਦੇਸ਼ਾਂ ਵਿਚ ਪੰਜਾਬੀ ਮਾਂ ਬੋਲੀ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਵਾਸਤੇ ਲਗਾਤਾਰ ਪੰਜਾਬੀ ਆਲਮੀ ਕਾਨਫ਼ਰੰਸਾਂ, ਸਾਹਿਤਕ ਸਮਾਗਮ, ਕਵੀ ਦਰਬਾਰ, ਆਨ ਲਾਇਨ ਪ੍ਰੋਗਰਾਮ ਚੱਲਦੇ ਰਹਿੰਦੇ ਹਨ | ਸੰਸਥਾ ਦੇ ਡਾਇਰੈਕਟਰ ਰਾਜ ਕੁਮਾਰ ਥਾਪਰ ਨੇ ਕਿਹਾ ਕਿ ਵਿਸ਼ਵ ਪੰਜਾਬੀ ਸਭਾ ਵਲੋਂ ਮਾਂ ਬੋਲੀ ਲਈ ਕੀਤੇ ਜਾ ਰਹੇ ਕੰਮ ਬਹੁਤ ਹੀ ਸ਼ਲਾਘਾਯੋਗ ਹਨ | ਉਨ੍ਹਾਂ ਵਲੋਂ ਇਸ ਸੰਸਥਾ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ | ਸਕੂਲ ਦੇ ਸਹਾਇਕ ਡਾਇਰੈਕਟਰ ਸੰਦੀਪ ਕੁਮਾਰ ਥਾਪਰ ਨੇ ਕਿਤਾਬਾਂ ਰਿਲੀਜ਼ ਹੋਣ 'ਤੇ ਦੋਹਾਂ ਲੇਖਕਾਂ ਨੂੰ ਮੁਬਾਰਕਾਂ ਦਿੱਤੀਆਂ |