ਸ੍ਰੀ ਮੁਕਤਸਰ ਸਾਹਿਬ, 22 ਮਈ (ਰਣਜੀਤ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਵੱਲੋਂ ਵਾਰਡ ਨੰਬਰ 4 ਤੋਂ ਉਮੀਦਵਾਰ ਧਰਮਿੰਦਰ ਸਿੰਘ ਅਤੇ ਵਾਰਡ ਨੰਬਰ 5 ਤੋਂ ਉਮੀਦਵਾਰ ਸ਼ਿੰਦਰ ਕੌਰ ਦੇ ਹੱਕ ਵਿਚ ਬਾਈਪਾਸ ਥਾਂਦੇਵਾਲਾ ਰੋਡ ਨੇੜੇ ਵਿਸ਼ਾਲ ਚੋਣ ਜਲਸਾ ਕੀਤਾ ਗਿਆ | ਇਸ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤੇ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਕੰਮਾਂ ਦੀ ਰਾਜਨੀਤੀ ਕੀਤੀ ਹੈ ਜਦਕਿ ਵਿਰੋਧੀ ਪਾਰਟੀਆਂ ਪਰਚਿਆਂ ਦੀ ਰਾਜਨੀਤੀ ਕਰਦੇ ਰਹੇ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੇ ਵਿਕਾਸ ਲਈ ਸੀਵਰੇਜ ਪ੍ਰੋਜੈਕਟ ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਖ਼ੁਦ ਪਹੁੰਚ ਕੇ ਕੰਮ ਸ਼ੁਰੂ ਕਰਵਾਉਣ ਦਾ ਨੀਂਹ ਪੱਥਰ ਰੱਖਿਆ ਸੀ, ਜਿਸ ਮਗਰੋਂ ਕੋਟਲੀ ਰੋਡ, ਕਿਰਤ ਨਗਰ, ਸਫ਼ੈਦਿਆਂ ਵਾਲੀ ਬਸਤੀ ਗੋਨਿਆਣਾ ਰੋਡ, ਹੋਰ ਮੁਹੱਲਿਆਂ ਵਿਚ ਸੀਵਰੇਜ ਦਾ ਕੰਮ ਸ਼ੁਰੂ ਕੀਤਾ ਗਿਆ ਤੇ ਕਈ ਥਾਵਾਂ ਤੇ ਕੰਮ ਮੁਕੰਮਲ ਹੋ ਚੁੱਕਿਆ ਹੈ | ਇਸ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਗਲਿਆਰਿਆਂ ਨੂੰ ਸੁੰਦਰ ਬਣਾਉਣ ਲਈ 10 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਹੋਈ ਹੈ ਅਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | 'ਆਪ' ਦੇ ਜ਼ਿਲ੍ਹਾ ਪ੍ਰਧਾਨ ਜਸ਼ਨਦੀਪ ਸਿੰਘ ਬਰਾੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਰੇ ਵਰਗਾਂ ਲਈ 600 ਯੂਨਿਟ ਦੋ ਮਹੀਨਿਆਂ ਦੀ ਬਿਜਲੀ ਮੁਆਫ਼ੀ, 10 ਲੱਖ ਸਿਹਤ ਬੀਮਾ ਯੋਜਨਾ, ਔਰਤਾਂ ਲਈ 1500 ਤੇ 1000 ਰੁਪਏ ਪ੍ਰਤੀ ਮਹੀਨਾ ਦੇਣ ਸਮੇਤ ਸਾਰੀਆਂ ਗਾਰੰਟੀਆਂ ਪੂਰੀਆਂ ਕੀਤੀਆਂ | ਇਸ ਮੌਕੇ ਜਸਵਿੰਦਰ ਸਿੰਘ ਰਾਮਗੜ੍ਹੀਆ ਨੇ ਵੀ ਸੰਬੋਧਨ ਕੀਤਾ ਅਤੇ ਭਾਈਚਾਰੇ ਵਲੋਂ ਪੂਰਨ ਹਮਾਇਤ ਦਾ ਭਰੋਸਾ ਦਿਵਾਇਆ | ਉਨ੍ਹਾਂ ਕਿਹਾ ਕਿ ਵਿਧਾਇਕ ਕਾਕਾ ਬਰਾੜ ਵਲੋਂ ਹਮੇਸ਼ਾ ਸਹਿਯੋਗ ਦਿੱਤਾ ਜਾਂਦਾ ਰਿਹਾ ਹੈ ਅਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਵੱਡਾ ਸਟੈਚੂ ਵੀ ਆਪਣੇ ਖ਼ਰਚੇ 'ਤੇ ਲਵਾਇਆ ਹੈ | ਉਨ੍ਹਾਂ ਰਾਮਗੜ੍ਹੀਆ ਭਾਈਚਾਰੇ ਵਲੋਂ ਵਿਧਾਇਕ ਦਾ ਧੰਨਵਾਦ ਕੀਤਾ | ਇਸ ਮੌਕੇ ਬਾਵਾ ਯਾਦਵਿੰਦਰ ਸਿੰਘ ਲਾਲੀ, ਰਜਿੰਦਰ ਸਿੰਘ ਬਰਾੜ ਚੇਅਰਮੈਨ ਮਾਰਕਿਟ ਕਮੇਟੀ ਬਰੀਵਾਲਾ, ਬਲਰਾਜ ਸਿੰਘ ਭੁੱਲਰ, ਮੋਹਕਮ ਸਿੰਘ ਸੰਧੂ, ਸਾਬਕਾ ਚੇਅਰਮੈਨ ਹਰਦੀਪ ਸਿੰਘ ਸੱਕਾਂਵਾਲੀ, ਇੰਦਰਪ੍ਰੀਤ ਸਿੰਘ ਬਾਵਾ, ਥਾਣੇਦਾਰ ਗੁਰਮੇਲ ਸਿੰਘ ਢਿੱਲੋਂ, ਜਗਦੇਵ ਸਿੰਘ ਨਵਾਂ ਭੁੱਲਰ ਸਾਬਕਾ ਸਰਪੰਚ, ਉਪਕਾਰ ਸਿੰਘ, ਗੁਰਪਿੰਦਰ ਸਿੰਘ ਸ਼ੈਲੀ, ਕਰਮਜੀਤ ਸਿੰਘ ਕਾਲਾ, ਚਰਨਜੀਤ ਸਿੰਘ ਸੰਧੂ ਸੱਕਾਂਵਾਲੀ, ਹਰਜੀਤ ਸਿੰਘ ਖੁੰਡੇ ਹਲਾਲ, ਦਰਸ਼ਨ ਸਿੰਘ ਜਟਾਣਾ, ਤਰਸੇਮ ਸਿੰਘ ਸਰਪੰਚ ਗੋਨਿਆਣਾ, ਜੀਤ ਸਿੰਘ ਪ੍ਰਧਾਨ, ਅਮਰੀਕ ਸਿੰਘ, ਸ਼ਮਿੰਦਰ ਸਿੰਘ ਸਮੇਤ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ |