ਮਲੋਟ, 23 ਮਈ (ਪਾਟਿਲ, ਅਜਮੇਰ ਸਿੰਘ ਬਰਾੜ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਮਲੋਟ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਆਗਾਮੀ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਪਾਰਟੀ ਵਰਕਰਾਂ ਦੇ ਇਕ ਭਾਰੀ ਇਕੱਠ ਨੂੰ ਸੰਬੋਧਨ ਕੀਤਾ ਅਤੇ ਸ਼ਹਿਰ ਦੇ ਸਮੂਹ ਵਾਰਡਾਂ ਦੇ ਨਗਰ ਕੌਂਸਲ ਚੋਣਾਂ ਦੇ ਅਕਾਲੀ ਉਮੀਦਵਾਰਾਂ ਨਾਲ ਵਿਸ਼ੇਸ਼ ਮੀਟਿੰਗ ਵੀ ਕੀਤੀ ਅਤੇ ਚੋਣ ਰਣਨੀਤੀ ਸੰਬੰਧੀ ਵਿਚਾਰ-ਵਟਾਂਦਰਾ ਕੀਤਾ | ਵਰਕਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਇਸ ਸਮੇਂ ਪੂਰੇ ਪੰਜਾਬ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਹਨੇਰੀ ਆਈ ਹੋਈ ਹੈ | ਉਨ੍ਹਾਂ ਪਾਰਟੀ ਦੇ ਸਮੂਹ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਪੂਰੇ ਜੋਸ਼ ਤੇ ਉਤਸ਼ਾਹ ਨਾਲ ਚੋਣ ਮੈਦਾਨ ਵਿਚ ਨਿੱਤਰਨ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੱਡੀ ਜਿੱਤ ਦਿਵਾ ਕੇ ਹਰੇਕ ਸ਼ਹਿਰ ਵਿਚ ਅਕਾਲੀ ਦਲ ਦੀ ਕਮੇਟੀ ਬਣਾਉਣ | ਸੁਖਬੀਰ ਸਿੰਘ ਬਾਦਲ ਨੇ ਵਿਸ਼ੇਸ਼ ਤੌਰ 'ਤੇ ਕਿਹਾ ਕਿ ਮਲੋਟ ਸ਼ਹਿਰ ਅੰਦਰ ਵੀ ਸ਼ੋ੍ਰਮਣੀ ਅਕਾਲੀ ਦਲ ਦੀ ਕਮੇਟੀ ਬਣਾਈ ਜਾਵੇ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਮਲੋਟ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੂੰ ਇੱਥੋਂ ਵਿਧਾਇਕ ਬਣਾਇਆ ਜਾਵੇ, ਤਾਂ ਜੋ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਸ਼ਹਿਰ ਦੇ ਸਮੂਹ ਵਾਰਡਾਂ ਦਾ ਵਿਕਾਸ ਬੜੀ ਤੇਜ਼ੀ ਨਾਲ ਅਤੇ ਪਹਿਲ ਦੇ ਆਧਾਰ 'ਤੇ ਕੀਤਾ ਜਾ ਸਕੇ | ਉਨ੍ਹਾਂ ਅੱਗੇ ਕਿਹਾ ਕਿ 'ਆਪ' ਸਰਕਾਰ ਨੇ ਔਰਤਾਂ ਨਾਲ ਕੀਤੇ ਆਪਣੇ ਸਭ ਤੋਂ ਵੱਡੇ ਵਾਅਦੇ ਤੋਂ ਵੀ ਪਾਸਾ ਵੱਟ ਲਿਆ ਹੈ | ਸਰਕਾਰ ਦੀ ਯੋਜਨਾ ਹੁਣ ਸਿਰਫ਼ 3-4 ਮਹੀਨੇ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦੀ ਰਹਿ ਗਈ ਹੈ, ਪਰ ਲੱਗਦਾ ਹੈ ਸਰਕਾਰ ਨੇ ਇਹ ਵੀ ਨਹੀਂ ਦੇਣਾ | ਇਲਾਕੇ ਦੇ ਨੌਜਵਾਨਾਂ ਦੇ ਭਵਿੱਖ ਬਾਰੇ ਬੋਲਦਿਆਂ ਸੁਖਬੀਰ ਸਿੰਘ ਬਾਦਲ ਨੇ ਭਰੋਸਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਮਲੋਟ ਵਿਚ ਉਦਯੋਗਾਂ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ | ਇਸ ਮੌਕੇ ਮਲੋਟ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਮਲੋਟ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ | ਉਨ੍ਹਾਂ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੀਆਂ ਨੀਤੀਆਂ 'ਤੇ ਚੱਲਣ ਅਤੇ ਚੋਣਾਂ ਵਿਚ ਦਿਨ-ਰਾਤ ਇਕ ਕਰਕੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਦਾ ਅਹਿਦ ਲਿਆ | ਇਸ ਮੌਕੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਚੇਅਰਮੈਨ ਬਸੰਤ ਸਿੰਘ ਕੰਗ, ਪਰਮਿੰਦਰ ਸਿੰਘ ਪੰਮਾ ਬਰਾੜ, ਲੱਪੀ ਈਨਾਖੇੜਾ, ਪ੍ਰੀਤਇੰਦਰ ਸਿੰਘ ਸੰਮੇਵਾਲੀ, ਜਗਤਾਰ ਬਰਾੜ, ਕੇਵਲ ਅਰੋੜਾ, ਅਸ਼ੋਕ ਬਜਾਜ,ਪਿੰਦਰ ਕੰਗ, ਪ੍ਰਵੀਨ ਜੈਨ, ਬਿੱਲੂ ਸ਼ਰਮਾ, ਮਨਜੀਤ ਸਿੰਘ ਸਮੇਤ ਮਲੋਟ ਸ਼ਹਿਰ ਦੇ ਸਮੂਹ ਵਾਰਡਾਂ ਦੇ ਉਮੀਦਵਾਰ ਅਤੇ ਵਰਕਰ ਤੇ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ |