08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਮਲੋਟ ਦੇ ਵਾਰਡ ਨੰਬਰ 23 'ਚ ਚੋਣਾਂ ਦੌਰਾਨ ਭਾਰੀ ਹੰਗਾਮਾ, ਮਾਹੌਲ ਤਣਾਅਪੂਰਨ ਰਿਹਾ <br/>

Ad Position 21
No active advertisement
ਅਜੀਤ ਡੈਸਕ 27-05-2026
ਮਲੋਟ, 26 ਮਈ (ਪਾਟਿਲ)-ਮਲੋਟ ਸ਼ਹਿਰ ਦੇ ਵਾਰਡ ਨੰਬਰ 23 ਜਿਸ ਨੂੰ ਚੋਣਾਂ ਦੌਰਾਨ ਸਭ ਤੋਂ ਹੌਟ ਸੀਟ ਮੰਨਿਆ ਜਾ ਰਿਹਾ ਸੀ, ਵਿਚ ਅੱਜ ਵੋਟਿੰਗ ਦੌਰਾਨ ਸਾਰਾ ਦਿਨ ਹੰਗਾਮੇ ਭਰਿਆ ਅਤੇ ਤਣਾਅਪੂਰਨ ਮਾਹੌਲ ਬਣਿਆ ਰਿਹਾ | ਇਸ ਵਾਰਡ ਵਿਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਾਰਿਕਾ ਗਰਗ ਅਤੇ ਆਜ਼ਾਦ ਉਮੀਦਵਾਰ ਸੁਸ਼ੀਲ ਕੁਮਾਰੀ ਚੋਣ ਮੈਦਾਨ ਵਿਚ ਹਨ | ਵੋਟਿੰਗ ਦੌਰਾਨ ਦੋਵਾਂ ਉਮੀਦਵਾਰਾਂ ਦੇ ਪਤੀਆਂ ਵਲੋਂ ਇਕ-ਦੂਜੇ 'ਤੇ ਧੱਕੇਸ਼ਾਹੀ ਕਰਨ ਦੇ ਗੰਭੀਰ ਦੋਸ਼ ਲਗਾਏ ਗਏ, ਜਿਸ ਕਾਰਨ ਪੂਰੇ ਸ਼ਹਿਰ ਦੀਆਂ ਨਜ਼ਰਾਂ ਇਸ ਵਾਰਡ 'ਤੇ ਟਿਕੀਆਂ ਰਹੀਆਂ | 'ਆਪ' ਉਮੀਦਵਾਰ ਦੇ ਪਤੀ ਜੋਨੀ ਗਰਗ ਨੇ ਦੋਸ਼ ਲਗਾਇਆ ਕਿ ਆਜ਼ਾਦ ਉਮੀਦਵਾਰ ਦੇ ਪਤੀ ਟਿੰਕਾ ਗਰਗ ਨੇ ਬਾਹਰੋਂ ਗੁੰਡਾ ਅਨਸਰ ਮੰਗਵਾ ਕੇ ਬੂਥ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਹੈ | ਉਨ੍ਹਾਂ ਇਹ ਵੀ ਇਲਜ਼ਾਮ ਲਗਾਇਆ ਕਿ ਟਿੰਕਾ ਗਰਗ ਨੇ ਉਨ੍ਹਾਂ ਦੀ ਪਤਨੀ ਦੇ ਹੱਥੋਂ ਵੋਟਰ ਪਰਚੀਆਂ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਉਹ ਏਜੰਟ ਹੋਣ ਦੇ ਬਾਵਜੂਦ ਨਿਯਮਾਂ ਦੇ ਉਲਟ ਵਾਰ-ਵਾਰ ਬੂਥ ਦੇ ਅੰਦਰ-ਬਾਹਰ ਆ-ਜਾ ਰਹੇ ਸਨ, ਜਦਕਿ ਉਨ੍ਹਾਂ ਦੀ ਉਮੀਦਵਾਰ ਪਤਨੀ ਪਹਿਲਾਂ ਹੀ ਅੰਦਰ ਮੌਜੂਦ ਸੀ | ਦੂਜੇ ਪਾਸੇ ਆਜ਼ਾਦ ਉਮੀਦਵਾਰ ਦੇ ਪਤੀ ਟਿੰਕਾ ਗਰਗ ਨੇ ਪਲਟਵਾਰ ਕਰਦਿਆਂ ਜੋਨੀ ਗਰਗ 'ਤੇ ਸੱਤਾਧਾਰੀ ਪਾਰਟੀ ਦੇ ਜ਼ੋਰ 'ਤੇ ਉਨ੍ਹਾਂ ਨੂੰ ਦਬਾਉਣ ਤੇ ਸਮਰਥਕਾਂ ਨੂੰ ਧਮਕੀਆਂ ਦੇਣ ਦੇ ਦੋਸ਼ ਲਗਾਏ | ਹਾਲਾਂਕਿ ਟਿੰਕਾ ਗਰਗ ਨੇ ਪੁਲਿਸ ਪ੍ਰਸ਼ਾਸਨ ਦੇ ਰੋਲ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੁਲਿਸ ਵਧੀਆ ਕੰਮ ਕਰ ਰਹੀ ਹੈ ਪਰ ਦੂਜੀ ਧਿਰ ਮਾਹੌਲ ਖ਼ਰਾਬ ਕਰਨ ਦੀ ਕੋਈ ਕਸਰ ਨਹੀਂ ਛੱਡ ਰਹੀ | ਮਾਹੌਲ ਨੂੰ ਤਣਾਅਪੂਰਨ ਹੁੰਦਾ ਦੇਖ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਖ਼ੁਦ ਵਾਰਡ ਨੰਬਰ 23 ਦੇ ਬੂਥ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮਾਹੌਲ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ | ਉਨ੍ਹਾਂ ਮੌਕੇ 'ਤੇ ਮੌਜੂਦ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਜੋ ਵੀ ਕੋਈ ਇਸ ਹੰਗਾਮੇ ਵਿਚ ਕਸੂਰਵਾਰ ਪਾਇਆ ਜਾਂਦਾ ਹੈ, ਉਸ ਖ਼ਿਲਾਫ਼ ਤੁਰੰਤ ਪਰਚਾ ਦਰਜ ਕੀਤਾ ਜਾਵੇ | ਉਨ੍ਹਾਂ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਨੂੰ ਬਰਦਾਸ਼ਤ ਨਾ ਕਰਨ ਦੀ ਗੱਲ ਕਹਿੰਦਿਆਂ ਬੂਥ ਦੇ ਆਲੇ-ਦੁਆਲੇ ਦਾ ਇਲਾਕਾ ਤੁਰੰਤ ਖ਼ਾਲੀ ਕਰਵਾਉਣ ਦੇ ਆਦੇਸ਼ ਦਿੱਤੇ, ਜਿਸ ਤੋਂ ਬਾਅਦ ਮੁਸਤੈਦ ਪੁਲਿਸ ਨੇ ਭੀੜ ਨੂੰ ਖਦੇੜ ਕੇ ਮਾਹੌਲ ਨੂੰ ਕਾਬੂ ਹੇਠ ਕੀਤਾ | ਇਹ ਬੂਥ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਚ ਬਣਾਇਆ ਗਿਆ ਸੀ | ਵਾਰਡ ਵਿਚ ਪਹਿਲਾਂ ਤੋਂ ਹੀ ਲੜਾਈ-ਝਗੜੇ ਦੇ ਆਸਾਰ ਜਤਾਏ ਜਾ ਰਹੇ ਸਨ, ਜਿਸ ਕਾਰਨ ਸਕੂਲ ਦੇ ਆਸਪਾਸ ਦੇ ਘਰਾਂ ਦੇ ਲੋਕ ਡਰ ਦੇ ਮਾਰੇ ਦਰਵਾਜ਼ੇ ਬੰਦ ਕਰਕੇ ਅੰਦਰ ਦੁਬਕ ਗਏ | ਵੋਟਰਾਂ ਵਿਚ ਵੀ ਕਿਸੇ ਵੇਲੇ ਵੀ ਝਗੜਾ ਹੋਣ ਦਾ ਖ਼ੌਫ਼ ਦੇਖਣ ਨੂੰ ਮਿਲਿਆ | ਪਰ ਇਸ ਖ਼ੌਫ਼ ਦੇ ਬਾਵਜੂਦ ਲੋਕਤੰਤਰ ਪ੍ਰਤੀ ਉਤਸ਼ਾਹ ਦੇਖਦਿਆਂ ਵੋਟਰਾਂ ਦੀਆਂ ਬੂਥਾਂ 'ਤੇ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ | ਸਥਿਤੀ ਨੂੰ ਦੇਖਦਿਆਂ ਪੁਲਿਸ ਦੇ ਆਲਾ ਅਧਿਕਾਰੀਆਂ ਨੇ ਵੀ ਮੌਕੇ 'ਤੇ ਪਹੁੰਚ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ |

Ad Position 22
No active advertisement
ਪਿਛਲੀ ਖ਼ਬਰ ਜਦੋਂ 'ਆਪ' ਆਗੂ ਅਤੇ ਅਕਾਲੀ ਆਗੂ ਆਪਸ ਵਿਚ ਭਿੜੇ ਅਗਲੀ ਖ਼ਬਰ 80 ਸਾਲ ਦੀ ਬਜ਼ੁਰਗ ਮਹਿਲਾ ਡਾਕਟਰ ਨੇ ਵੋਟਿੰਗ ਪ੍ਰਬੰਧਾਂ 'ਤੇ ਜਤਾਈ ਨਾਰਾਜ਼ਗੀ <br/>
Ad Position 24