ਜੈਤੋ, 26 ਮਈ (ਗੁਰਮੀਤਪਾਲ ਰੋੜੀਕਪੂਰਾ / ਗੁਰਚਰਨ ਸਿੰਘ ਗਾਬੜੀਆ) : ਜੈਤੋ ਨਗਰ ਕੌਂਸਲ ਚੋਣਾਂ ਦੌਰਾਨ ਉਸ ਸਮੇਂ ਤਣਾਅਪੂਰਨ ਮਾਹੌਲ ਬਣ ਗਿਆ ਜਦੋਂ ਵਾਰਡ ਨੰਬਰ 5, 15 ਅਤੇ 16 ਵਿੱਚ ਧੱਕੇਸ਼ਾਹੀ ਅਤੇ ਝੜਪਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ | ਜਾਣਕਾਰੀ ਅਨੁਸਾਰ ਚੋਣਾਂ ਦੌਰਾਨ ਦੋ ਧਿਰਾਂ ਵਿਚਾਲੇ ਤਿੱਖੀ ਬਹਿਸ ਹੋਈ, ਜੋ ਕੁਝ ਹੀ ਸਮੇਂ ਵਿੱਚ ਝੜਪ ਵਿੱਚ ਤਬਦੀਲ ਹੋ ਗਈ | ਇਸ ਦੌਰਾਨ ਇਕ ਵਿਅਕਤੀ ਦੇ ਸਿਰ 'ਤੇ ਗੰਭੀਰ ਸੱਟ ਲੱਗਣ ਦੀ ਖ਼ਬਰ ਹੈ, ਜਿਸ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ | ਘਟਨਾ ਤੋਂ ਬਾਅਦ ਮੌਕੇ 'ਤੇ ਮੌਜੂਦ ਪੁਲਿਸ ਪ੍ਰਸ਼ਾਸਨ ਵੱਲੋਂ ਤੁਰੰਤ ਦਖ਼ਲ ਦਿੰਦਿਆਂ ਹਾਲਾਤਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ | ਜਖ਼ਮੀ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ | ਇਸ ਘਟਨਾ ਤੋਂ ਬਾਅਦ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵਰਕਰਾਂ ਵਿੱਚ ਤਣਾਅ ਦਾ ਮਾਹੌਲ ਬਣਿਆ ਰਿਹਾ ਅਤੇ ਚੋਣੀ ਮਾਹੌਲ ਗਰਮਾ ਗਿਆ | ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਵਲੋਂ ਜੈਤੋ ਦੇ ਕੋਟਕਪੂਰਾ ਚੌਕ ਵਿਖੇ ਧਰਨਾ ਲਗਾਇਆ ਗਿਆ | ਧਰਨਾਕਾਰੀਆਂ ਨੇ ਪ੍ਰਸ਼ਾਸਨ ਅਤੇ ਪੁਲਿਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਚੋਣ ਪ੍ਰਕਿਰਿਆ ਦੌਰਾਨ ਧੱਕੇਸ਼ਾਹੀ ਅਤੇ ਗੜਬੜ ਦੇ ਦੋਸ਼ ਲਗਾਏ | ਅਕਾਲੀ ਆਗੂਆਂ ਨੇ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਧਰਨੇ ਕਾਰਨ ਕੋਟਕਪੂਰਾ ਚੌਕ ਵਿੱਚ ਕੁਝ ਸਮੇਂ ਲਈ ਆਵਾਜਾਈ ਵੀ ਪ੍ਰਭਾਵਿਤ ਰਹੀ | ਇਸ ਮੌਕੇ ਕਾਂਗਰਸੀ ਆਗੂ ਗੁਰਸੇਵਕ ਸਿੰਘ ਜੈਤੋ, ਪੀੜਤ ਐਡਵੋਕੇਟ ਨੇਹਾ ਰਾਣੀ, ਗੁਰਚੇਤ ਸਿੰਘ ਢਿੱਲੋਂ, ਭਾਜਪਾ ਆਗੂ ਡਾ. ਰਮਨਦੀਪ ਸਿੰਘ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੂਬਾ ਸਿੰਘ ਬਾਦਲ, ਹਲਕਾ ਇੰਚਾਰਜ ਕਾਂਗਰਸੀ ਆਗੂ ਦਰਸ਼ਨ ਸਿੰਘ ਢਿੱਲਵਾ ਅਤੇ ਬੀਬਾ ਅਮਰਜੀਤ ਕੌਰ ਪੰਜਗਰਾਈ ਸਮੇਤ ਕਈ ਆਗੂਆਂ ਨੇ ਪੰਜਾਬ ਸਰਕਾਰ, ਵਿਧਾਇਕ ਅਤੇ ਚੇਅਰਮੈਨ ਦੀ ਚੋਣਾਂ ਦੌਰਾਨ ਭੂਮਿਕਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ | ਉਨਾਂ ਉਮੀਦਵਾਰ ਦੀ ਬੇਟੀ ਨਾਲ ਕੀਤੀ ਗਈ ਬਦਸਲੂਕੀ ਦਾ ਵੀ ਤਿੱਖਾ ਵਿਰੋਧ ਕੀਤਾ | ਇਸ ਮੌਕੇ ਯਾਦਵਿੰਦਰ ਸਿੰਘ ਯਾਦੀ, ਬਲਵੰਤ ਸਿੰਘ ਕਰੀਰਵਾਲੀ, ਰਾਜਪਾਲ ਸਿੰਘ ਡੇਲਿਆਂਵਾਲੀ, ਜਸਵਿੰਦਰ ਸਿੰਘ ਸ਼ੰਮੀ ਭਗਤੂਆਣਾ, ਪ੍ਰਕਾਸ਼ ਸਿੰਘ ਸੇਵੇਵਾਲਾ, ਅਮਰਪਾਲ ਸਿੰਘ ਪਾਲੀ, ਗੁਰਬੀਰ ਸਿੰਘ ਬਰਾੜ, ਗੁਰਤੇਗਪਾਲ ਸਿੰਘ ਸੀਰਾ, ਜਸਪਾਲ ਸਿੰਘ ਕਾਂਟਾ, ਜਸਵਿੰਦਰ ਸਿੰਘ ਮਾਨ, ਜੱਗਾ ਸੰਧੂ ਚੈਨਾ, ਸੰਦੀਪ ਟੋਨੀ ਸ਼ਰਮਾ, ਸਿੰਕਦਰ ਸਿੰਘ ਸਰਾਵਾਂ, ਜਸਵਿੰਦਰ ਸਿੰਘ ਸਾਬਕਾ ਪੰਚ, ਜਗਦੇਵ ਸਿੰਘ ਢੱਲਾ, ਵਿੱਕੀ ਕੁਮਾਰ ਸਾਬਕਾ ਐਮ.ਸੀ., ਰਾਜੂ ਕੁਮਾਰ ਸਾਬਕਾ ਐਮ.ਸੀ., ਜ਼ਿਲਾ ਪ੍ਰੀਸ਼ਤ ਲਾਲੀ ਬਾਦਲ ਤੋਂ ਇਲਾਵਾ ਵੱਡੀ ਗਿਣਤੀ ਵੱਖ-ਵੱਖ ਪਾਰਟੀਆਂ ਦੇ ਵਰਕਰ ਹਾਜ਼ਰ | ਸਮੇਤ ਹੋਰ ਆਗੂ ਅਤੇ ਵਰਕਰ ਵੀ ਮੌਜੂਦ ਸਨ | ਅੰਤ ਵਿਚ ਤਹਿਸੀਲਦਾਰ ਰਣਜੀਤ ਸਿੰਘ ਖਹਿਰਾ, ਐੱਸ.ਐੱਚ.ਓ.ਨਵਦੀਪ ਸਿੰਘ ਸੰਧੂ ਵਲੋਂ ਇੱਕਤਰ ਲੋਕਾਂ ਨੂੰ ਸ਼ਾਂਤ ਕਰਦਿਆਂ ਵਿਸ਼ਵਾਸ ਦਿਵਾਇਆ ਤੁਹਾਡੀਆਂ ਬਣਦੀਆਂ ਮੰਗਾਂ ਮੰਨੀਆਂ ਜਾਣਗੀਆਂ 'ਤੇ ਗਿ੍ਫਤਾਰ ਵਿਅਕਤੀਆਂ ਨੂੰ ਰਿਹਾਅ ਕੀਤਾ ਜਾਵੇਗਾ | ਦੇਰ ਰਾਤ ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ |