ਫ਼ਰੀਦਕੋਟ, 26 ਮਈ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਸ਼ਹਿਰ ਦੇ ਵਾਰਡ ਨੰ: 17 'ਚ ਉਸ ਸਮੇਂ ਮਾਹੌਲ ਗਰਮ ਹੋ ਗਿਆ ਜਦੋਂ ਭਾਜਪਾ ਆਗੂ ਸੰਦੀਪ ਸਿੰਘ ਸੰਨੀ ਬਰਾੜ 'ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਥਿਤ ਦੋਸ਼ ਲਗਾਏ ਕਿ ਉਨ੍ਹਾਂ ਵਲੋਂ ਫ਼ੌਜੀ ਪਰਿਵਾਰਾਂ ਦੇ ਵੋਟਰਾਂ ਨੂੰ ਬੂਥ ਅੰਦਰ ਵੜ੍ਹ ਕੇ ਭਾਜਪਾ ਨੂੰ ਵੋਟ ਪਾਉਣ ਲਈ ਉਕਸਾਇਆ ਜਾ ਰਿਹਾ ਹੈ | ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਗਈ | ਜਿਸ ਵਿਚ ਸੰਨੀ ਬਰਾੜ ਆਰਮੀ ਗੱਡੀ ਕੋਲ ਖੜ੍ਹ ਕੇ ਉਨ੍ਹਾਂ ਨਾਲ ਗੱਲਬਾਤ ਕਰਦੇ ਨਜ਼ਰ ਆਏ | ਜਿਸ ਤੋਂ ਬਾਅਦ ਮਾਹੌਲ ਤਣਾਅ ਪੂਰਨ ਹੋ ਗਿਆ | ਵਿਰੋਧੀ ਪਾਰਟੀਆਂ 'ਚ ਆਪਸ 'ਚ ਬਹਿਸ ਸ਼ੁਰੂ ਹੋ ਗਈ ਅਤੇ ਭਾਜਪਾ ਆਗੂ ਸੰਨੀ ਬਰਾੜ ਇਹ ਕਹਿੰਦੇ ਨਜ਼ਰ ਆਏ ਕਿ ਫ਼ੌਜੀ ਪਰਿਵਾਰ ਇਸ ਦੇਸ਼ ਦਾ ਹਿੱਸਾ ਹਨ ਜਿਨ੍ਹਾਂ ਦੀਆਂ ਵੋਟਾਂ ਬਣੀਆਂ ਹਨ ਉਨ੍ਹਾਂ ਨੂੰ ਆਪਣੀ ਵੋਟ ਪਾਉਣ ਦਾ ਅਧਿਕਾਰ ਹੈ | ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਵੋਟ ਸਹੀ ਬਣੀ ਹੈ ਅਤੇ ਸਹੀ ਸਬੂਤ ਹੈ ਤਾਂ ਵੋਟ ਪਾਉਣ ਤੋਂ ਰੋਕਿਆ ਨਹੀਂ ਜਾ ਸਕਦਾ ਇਸ ਲਈ ਦੂਜੀ ਧਿਰ ਦਾ ਵਿਰੋਧ ਕਰਨਾ ਬੇਵਜ੍ਹਾ ਹੈ | ਦੂਜੇ ਪਾਸੇ ਆਮ ਆਦਮੀ ਪਾਰਟੀ ਤੇ ਕਾਂਗਰਸ ਵਲੋਂ ਇਸਦਾ ਵਿਰੋਧ ਕਰਦਿਆਂ ਸੰਨੀ ਬਰਾੜ ਵਲੋਂ ਨਿਭਾਈ ਭੂਮਿਕਾ ਦੀ ਆਲੋਚਨਾ ਕੀਤੀ |