ਧਰਮਕੋਟ, 27 ਮਈ (ਪਰਮਜੀਤ ਸਿੰਘ)-ਪੰਜਾਬ ਦੇ ਸੀਨੀਅਰ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਤੋਤੇ ਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਲੋਂ ਜ਼ਮਾਨਤ ਮਿਲ ਗਈ ਹੈ | ਜ਼ਮਾਨਤ ਦੇ ਹੁਕਮਾਂ ਤੋਂ ਬਾਅਦ ਉਹ ਰਾਤ ਕਰੀਬ 11 ਵਜੇ ਤਿਹਾੜ ਜੇਲ੍ਹ ਤੋਂ ਬਾਹਰ ਆਏ, ਜਿੱਥੇ ਉਨ੍ਹਾਂ ਦੇ ਸਾਥੀਆਂ ਅਤੇ ਸਮਰਥਕਾਂ ਵਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਯਾਦ ਰਹੇ ਕਿ ਪਿਛਲੀ 7 ਮਈ 2026 ਨੂੰ ਕੌਮੀ ਇਨਸਾਫ ਮੋਰਚਾ ਮੋਹਾਲੀ ਦੇ ਸੱਦੇ 'ਤੇ ਸੁੱਖ ਗਿੱਲ ਮੋਗਾ ਆਪਣੇ ਸਾਥੀਆਂ ਦਲਜੀਤ ਸਿੰਘ ਸਰਪੰਚ ਜਨਰਲ ਸਕੱਤਰ ਪੰਜਾਬ, ਰਣਜੀਤ ਸਿੰਘ ਤਹਿਸੀਲ ਪ੍ਰਧਾਨ, ਚੰਦਨਦੀਪ ਮਹਿਤਾ ਬਲਾਕ ਪ੍ਰਧਾਨ ਨਿਹਾਲ ਸਿੰਘ ਵਾਲਾ ਅਤੇ ਗੁਰਚਰਨ ਸਿੰਘ ਜ਼ਿਲ੍ਹਾ ਪ੍ਰਧਾਨ ਮੋਗਾ ਸਮੇਤ ਗੁਰਦੁਆਰਾ ਬੰਗਲਾ ਸਾਹਿਬ ਤੋਂ ਜੰਤਰ-ਮੰਤਰ ਤੱਕ ਕੱਢੇ ਜਾਣ ਵਾਲੇ ਰੋਸ ਮਾਰਚ ਵਿਚ ਸ਼ਾਮਿਲ ਹੋਣ ਲਈ ਜਾ ਰਹੇ ਸਨ | ਇਸ ਦੌਰਾਨ ਦਿੱਲੀ ਪੁਲਿਸ ਵਲੋਂ ਉਨ੍ਹਾਂ ਨੂੰ ਰਸਤੇ ਵਿਚ ਹੀ ਗਿ੍ਫ਼ਤਾਰ ਕਰ ਲਿਆ ਗਿਆ ਸੀ | ਬਾਅਦ ਵਿਚ ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਕੇ ਸੁੱਖ ਗਿੱਲ ਮੋਗਾ ਨੂੰ ਤਿਹਾੜ ਜੇਲ੍ਹ ਭੇਜ ਦਿੱਤਾ ਸੀ | ਹੁਣ ਕਰੀਬ 19 ਦਿਨਾਂ ਬਾਅਦ ਉਹ ਜੇਲ੍ਹ ਤੋਂ ਰਿਹਾਅ ਹੋ ਕੇ ਬਾਹਰ ਆਏ ਹਨ | ਸੁੱਖ ਗਿੱਲ ਮੋਗਾ ਦੀ ਰਿਹਾਈ ਤੋਂ ਬਾਅਦ ਕਿਸਾਨ ਅਤੇ ਜਥੇਬੰਦੀ ਆਗੂਆਂ ਵਿਚ ਖ਼ੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ | ਆਗੂਆਂ ਨੇ ਕਿਹਾ ਕਿ ਉਹ ਲੋਕਤੰਤਰਿਕ ਹੱਕਾਂ ਲਈ ਆਪਣੀ ਲੜਾਈ ਅੱਗੇ ਵੀ ਜਾਰੀ ਰੱਖਣਗੇ |