ਜੈਤੋ, 29 ਮਈ (ਗੁਰਮੀਤਪਾਲ ਰੋੜੀਕਪੂਰਾ)-ਜੈਤੋ ਨਗਰ ਕੌਂਸਲ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਸਬੰਧਿਤ ਸਿੰਗਲਾ ਪਰਿਵਾਰ ਨੇ ਇਕ ਵਾਰ ਫਿਰ ਆਪਣਾ ਦਬਦਬਾ ਕਾਇਮ ਰੱਖਦਿਆਂ ਲਗਾਤਾਰ ਛੇਵੀਂ ਵਾਰ ਜਿੱਤ ਦਰਜ ਕੀਤੀ ਹੈ | ਅਕਾਲੀ ਆਗੂ ਹਰੀ ਕਿ੍ਸ਼ਨ ਸਿੰਗਲਾ ਅਤੇ ਉਨ੍ਹਾਂ ਦੀ ਪਤਨੀ ਜਸਵੀਰ ਕੌਰ ਨੇ ਆਪਣੇ ਵਾਰਡ ਤੋਂ ਸ਼ਾਨਦਾਰ ਜਿੱਤ ਹਾਸਿਲ ਕਰਕੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਪੈਦਾ ਕਰ ਦਿੱਤੀ | ਜਿੱਤ ਦੀ ਖ਼ਬਰ ਮਿਲਦਿਆਂ ਹੀ ਅਕਾਲੀ ਵਰਕਰਾਂ ਅਤੇ ਸਮਰਥਕਾਂ ਵਲੋਂ ਲੱਡੂ ਵੰਡ ਕੇ, ਢੋਲ ਵਜਾ ਕੇ ਅਤੇ ਨਾਅਰੇਬਾਜ਼ੀ ਕਰਕੇ ਖੁਸ਼ੀ ਮਨਾਈ ਗਈ | ਸਮਰਥਕਾਂ ਨੇ ਇਸ ਜਿੱਤ ਨੂੰ ਲੋਕਾਂ ਦੇ ਵਿਸ਼ਵਾਸ ਅਤੇ ਸਿੰਗਲਾ ਪਰਿਵਾਰ ਵਲੋਂ ਕੀਤੇ ਵਿਕਾਸ ਕਾਰਜਾਂ ਦੀ ਜਿੱਤ ਕਰਾਰ ਦਿੱਤਾ | ਇਸ ਮੌਕੇ ਹਰੀ ਕਿ੍ਸ਼ਨ ਸਿੰਗਲਾ ਨੇ ਕਿਹਾ ਕਿ ਇਹ ਜਿੱਤ ਵਾਰਡ ਵਾਸੀਆਂ ਦੇ ਪਿਆਰ, ਭਰੋਸੇ ਅਤੇ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਨਿਰੰਤਰ ਸੇਵਾ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿਚ ਵੀ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਦੇ ਹੋਏ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ 'ਤੇ ਅੱਗੇ ਵਧਾਉਣਗੇ | ਜਸਵੀਰ ਕੌਰ ਨੇ ਵਾਰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਮੁੜ ਜੋ ਵਿਸ਼ਵਾਸ ਜਤਾਇਆ ਹੈ, ਉਸ ਨੂੰ ਕਾਇਮ ਰੱਖਦਿਆਂ ਉਹ ਪਹਿਲਾਂ ਦੀ ਤਰ੍ਹਾਂ ਹੀ ਲੋਕ ਸੇਵਾ ਅਤੇ ਇਲਾਕੇ ਦੇ ਵਿਕਾਸ ਲਈ ਵਚਨਬੱਧ ਰਹਿਣਗੇ | ਇਸ ਮੌਕੇ ਸੂਬਾ ਸਿੰਘ ਬਾਦਲ, ਲਾਲੀ ਬਾਦਲ, ਭਗਵਾਨ ਦਾਸ, ਰੇਸ਼ਮ ਰਾਣੀ, ਜਮਨਾ ਦੇਵੀ, ਮੰਜ਼ੂ ਰਾਣੀ, ਮਹਿੰਦਰ ਕੌਰ, ਅਜੈ ਸਿੰਗਲਾ, ਭੀਮ ਸੈਨ, ਰਾਜਵੀਰ ਸਿੰਗਲਾ, ਸੰਜੇ ਸਿੰਗਲਾ, ਗੋਰਾ ਲਾਲ ਅਤੇ ਓਮ ਪ੍ਰਕਾਸ਼ ਵਲੋਂ ਵਧਾਈ ਦਿੱਤੀ |