ਬਾਜਾਖਾਨਾ, 30 ਮਈ (ਜਗਦੀਪ ਸਿੰਘ ਗਿੱਲ)-ਕੇਂਦਰ ਦੀ ਭਾਜਪਾ ਸਰਕਾਰ ਵਲੋਂ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਕਰਕੇ ਆਮ ਲੋਕਾਂ ਨਾਲ ਵੱਡਾ ਧੋਖਾ ਕੀਤਾ ਜਾ ਰਿਹਾ ਹੈ ਅਤੇ ਕਾਰਪੋਰੇਟ ਘਰਾਣਿਆਂ ਨੂੰ ਮੋਟੇ ਤੌਰ 'ਤੇ ਲਾਭ ਪਹੁੰਚਾਇਆ ਜਾ ਰਿਹਾ ਹੈ | ਜਿਸ ਨਾਲ ਆਮ ਲੋਕਾਂ 'ਤੇ ਵੱਡਾ ਬੋਝ ਪਾਇਆ ਜਾ ਰਿਹਾ | ਆਮ ਲੋਕਾਂ ਨੂੰ ਵਧਦੀ ਮਹਿੰਗਾਈ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਰਕਲ ਪ੍ਰਧਾਨ ਜਗਸੀਰ ਸਿੰਘ ਸੀਰਾ ਢਿੱਲੋਂ, ਕੁਲਦੀਪ ਸਿੰਘ ਢਿੱਲੋਂ ਮੀਤ ਪ੍ਰਧਾਨ ਜ਼ਿਲ੍ਹਾ ਫ਼ਰੀਦਕੋਟ, ਪ੍ਰਧਾਨ ਸਰਬਜੀਤ ਸਿੰਘ ਬਰਾੜ, ਗਗਨਦੀਪ ਸਿੰਘ ਬਰਾੜ ਇਕਾਈ ਪ੍ਰਧਾਨ ਯੂਥ ਅਕਾਲੀ ਦਲ ਬਾਦਲ ਬਾਜਾਖਾਨਾ, ਸੁਖਬੀਰ ਸਿੰਘ ਬੱਬੂ ਬਰਾੜ, ਰਘਵੀਰ ਸਿੰਘ ਧੀਰਾ ਢਿੱਲੋਂ, ਸੁਖਪ੍ਰੀਤ ਸਿੰਘ ਕਾਲਾ ਸੋਢੀ, ਲਵੀ ਬਰਾੜ, ਹੈਪੀ ਢਿੱਲੋਂ, ਪੂਰਨ ਸਿੰਘ ਬਰਾੜ, ਪਿੰਦਰ ਬਰਾੜ, ਮਿੰਟੂ ਡੀ.ਜੇ, ਲੱਖਾ ਸਿੰਘ ਬਰਾੜ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲਗਾਤਾਰ ਜੁਮਲਿਆਂ ਰਾਹੀਂ ਲੋਕਾਂ ਨਾਲ ਵੱਡਾ ਖਿਲਵਾੜ ਕੀਤਾ ਜਾ ਰਿਹਾ ਹੈ, ਕਿਉਂਕਿ ਪਿਛਲੇ ਦਿਨੀਂ ਵੱਖ ਵੱਖ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਦੇਸ਼ ਦੀ ਆਰਥਿਕਤਾ ਮਜ਼ਬੂਤ ਹੋਣ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਕੇਂਦਰ ਸਰਕਾਰ ਨੇ ਚੋਣਾਂ ਖ਼ਤਮ ਹੁੰਦਿਆਂ ਹੀ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰਦੇ ਹੋਏ ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ 'ਤੇ ਡੀਜ਼ਲ, ਪੈਟਰੋਲ, ਘਰੇਲੂ ਗੈਸ ਅਤੇ ਸੀ.ਐਨ.ਜੀ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਕਰਕੇ ਆਮ ਲੋਕਾਂ ਦੀ ਲੱਕ ਤੋੜ ਦਿੱਤਾ ਹੈ ¢ ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਪੈਟਰੋਲ, ਗੈਸ, ਡੀਜ਼ਲ ਅਤੇ ਸੀ.ਐਨ.ਜੀ. ਦੀਆਂ ਵਧੀਆਂ ਕੀਮਤਾਂ ਨੂੰ ਤੁਰੰਤ ਵਾਪਸ ਲਿਆ ਜਾਵੇ ਤਾਂ ਜੋ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਟਰਾਂਸਪੋਰਟਰਾਂ ਅਤੇ ਆਮ ਜਨਤਾ ਨੂੰ ਕੁਝ ਰਾਹਤ ਮਿਲ ਸਕੇ¢