09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਮਲੋਟ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸਿਆਸੀ ਮਾਹੌਲ ਗਰਮਾਇਆ

Ad Position 21
No active advertisement
ਅਜੀਤ ਡੈਸਕ 31-05-2026
ਮਲੋਟ, 30 ਮਈ (ਪਾਟਿਲ)-ਮਲੋਟ ਨਗਰ ਕੌਂਸਲ ਚੋਣਾਂ ਦੇ ਹੈਰਾਨੀਜਨਕ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ | ਆਮ ਆਦਮੀ ਪਾਰਟੀ (ਆਪ) ਨੇ ਚਾਹੇ 12 ਉਮੀਦਵਾਰਾਂ ਦੀ ਜਿੱਤ ਨਾਲ ਹਰ ਹੀਲੇ ਨਗਰ ਕੌਂਸਲ ਮਲੋਟ ਦੀ ਕਮੇਟੀ ਬਣਾਉਣ ਦੇ ਦਾਅਵੇ ਠੋਕੇ ਹਨ, ਪਰ ਦੂਜੇ ਪਾਸੇ ਵਿਰੋਧੀ ਧਿਰਾਂ ਨੇ ਵੀ ਹਾਰ ਨਹੀਂ ਮੰਨੀ ਹੈ | ਕਾਂਗਰਸ ਪਾਰਟੀ ਦੇ 8 ਅਤੇ ਸ਼੍ਰੋਮਣੀ ਅਕਾਲੀ ਦਲ ਦੇ 7 ਜੇਤੂ ਉਮੀਦਵਾਰਾਂ ਦੇ ਨਾਲ ਖੜ੍ਹੀ ਲੀਡਰਸ਼ਿਪ ਨੇ ਆਪਣੇ ਪੱਧਰ 'ਤੇ ਕਮਰਕੱਸੇ ਕਰ ਲਏ ਹਨ, ਜਿਸ ਕਾਰਨ ਕਮੇਟੀ ਉਪਰ ਕਾਬਜ਼ ਹੋਣ ਦੀ ਜੰਗ ਦਿਲਚਸਪ ਮੋੜ 'ਤੇ ਪਹੁੰਚ ਗਈ ਹੈ | ਇਸ ਸਿਆਸੀ ਉਥਲ-ਪੁਥਲ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੇ ਭਾਵੇਂ ਭਵਿੱਖ ਦੀ ਰਣਨੀਤੀ ਦਾ ਪੂਰੀ ਤਰ੍ਹਾਂ ਖ਼ੁਲਾਸਾ ਨਹੀਂ ਕੀਤਾ, ਪਰ ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨਾਲ ਕਿਸੇ ਵੀ ਤਰ੍ਹਾਂ ਦੇ ਸਿਆਸੀ ਸਮਝੌਤੇ ਤੋਂ ਖੁੱਲ੍ਹ ਕੇ ਇਨਕਾਰ ਵੀ ਨਹੀਂ ਕੀਤਾ ਹੈ | ਉਨ੍ਹਾਂ ਦੇ ਇਸ ਬਿਆਨ ਨੇ ਸ਼ਹਿਰ ਦੇ ਸਿਆਸੀ ਗਲਿਆਰਿਆਂ ਵਿਚ ਚਰਚਾ ਛੇੜ ਦਿੱਤੀ ਹੈ ਕਿ 'ਆਪ' ਨੂੰ ਸੱਤਾ ਤੋਂ ਦੂਰ ਰੱਖਣ ਲਈ ਅਕਾਲੀ-ਕਾਂਗਰਸ ਹੱਥ ਮਿਲਾ ਸਕਦੇ ਹਨ | ਹੁਣ ਪੂਰੇ ਸ਼ਹਿਰ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਕਿਹੜੀ ਪਾਰਟੀ ਦਾ ਪ੍ਰਧਾਨ ਬਣੇਗਾ ਅਤੇ ਕਿਸ ਜੇਤੂ ਉਮੀਦਵਾਰ ਦੇ ਸਿਰ ਤਾਜ ਸਜੇਗਾ | ਚੋਣ ਨਤੀਜਿਆਂ ਬਾਰੇ ਗੱਲ ਕਰਦਿਆਂ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ 7 ਸੀਟਾਂ ਮਿਲੀਆਂ ਹਨ | ਸਾਨੂੰ ਆਸ ਇਸ ਤੋਂ ਵਧੇਰੇ ਸੀਟਾਂ ਦੀ ਸੀ, ਪਰ ਕੁਝ ਕਮੀਆਂ ਰਹਿ ਗਈਆਂ | ਜੋ ਵੀ ਫ਼ੈਸਲਾ ਲੋਕਾਂ ਨੇ ਦਿੱਤਾ ਹੈ ਅਤੇ ਜੋ ਪ੍ਰਸ਼ਾਸਨ ਨੇ ਕੀਤਾ ਹੈ, ਸਾਨੂੰ ਮਨਜ਼ੂਰ ਹੈ | ਉਨ੍ਹਾਂ ਸ਼ਾਂਤੀਪੂਰਵਕ ਚੋਣਾਂ ਨੇਪਰੇ ਚਾੜ੍ਹਨ ਲਈ ਵੋਟਰਾਂ, ਪੁਲਿਸ ਤੇ ਸਿਵਲ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ | ਉਨ੍ਹਾਂ ਮੰਨਿਆ ਕਿ ਪਿਛਲੇ 10 ਸਾਲਾਂ ਤੋਂ ਪਾਰਟੀ ਵਿਰੋਧੀ ਧਿਰ ਵਿਚ ਬੈਠੀ ਹੈ ਅਤੇ ਮੌਜੂਦਾ ਸਰਕਾਰ ਦੇ ਕੈਬਨਿਟ ਮੰਤਰੀ ਦੇ ਖ਼ਿਲਾਫ਼ ਚੋਣ ਲੜਦਿਆਂ 7 ਸੀਟਾਂ ਜਿੱਤਣਾ ਕੋਈ ਛੋਟੀ ਗੱਲ ਨਹੀਂ ਹੈ | ਉਨ੍ਹਾਂ ਇਹ ਵੀ ਕਿਹਾ ਕਿ ਕੁਝ ਸੀਟਾਂ 'ਤੇ ਪਾਰਟੀ ਦੇ ਮੁੱਖ ਪਰਿਵਾਰਾਂ ਤੇ ਚਾਹਵਾਨ ਉਮੀਦਵਾਰਾਂ ਦੇ ਖ਼ੁਦ ਚੋਣ ਮੈਦਾਨ ਵਿਚ ਨਾ ਉਤਰਨ ਕਾਰਨ 4-5 ਸੀਟਾਂ ਦਾ ਨੁਕਸਾਨ ਝੱਲਣਾ ਪਿਆ | ਸ. ਕੋਟਭਾਈ ਨੇ ਕਿਹਾ ਕਿ ਕੱਚੀ ਮੰਡੀ ਵਿਚ ਭਾਵੇਂ ਨਤੀਜੇ ਉਮੀਦ ਮੁਤਾਬਕ ਨਹੀਂ ਰਹੇ, ਪਰ ਇਸ ਚੋਣ ਵਿਚ ਕਈ ਨਵੇਂ ਨੌਜਵਾਨ ਚਿਹਰੇ ਤੇ ਪਰਿਵਾਰ ਅਕਾਲੀ ਦਲ ਨਾਲ ਜੁੜੇ ਹਨ, ਜੋ ਆਉਣ ਵਾਲੇ ਸਮੇਂ ਵਿਚ ਪਾਰਟੀ ਨੂੰ ਮਜ਼ਬੂਤ ਕਰਨਗੇ | ਸਾਰੀਆਂ ਵਿਰੋਧੀ ਪਾਰਟੀਆਂ ਵਲੋਂ ਸਮਰਥਨ ਪ੍ਰਾਪਤ ਆਜ਼ਾਦ ਉਮੀਦਵਾਰ ਦੀ ਵਾਰਡ ਨੰਬਰ 23 ਵਿਚ ਹੋਈ ਵੱਡੀ ਹਾਰ ਬਾਰੇ ਬੋਲਦਿਆਂ ਸ. ਕੋਟਭਾਈ ਨੇ ਕਿਹਾ ਕਿ ਇਹ ਕਾਫ਼ੀ ਹੈਰਾਨੀਜਨਕ ਹੈ | ਕੱਲ੍ਹ ਤੱਕ ਪੂਰੇ ਸ਼ਹਿਰ ਵਿਚ ਚਰਚਾ ਸੀ ਕਿ ਆਜ਼ਾਦ ਉਮੀਦਵਾਰ ਵੱਡੀ ਲੀਡ ਨਾਲ ਜਿੱਤੇਗਾ ਅਤੇ ਸਵੇਰੇ ਗਿਣਤੀ ਵੇਲੇ ਵੀ ਪਹਿਲੀ ਰਿਪੋਰਟ ਸਕਾਰਾਤਮਕ ਸੀ, ਪਰ ਅਚਾਨਕ ਨਤੀਜਾ ਬਦਲ ਗਿਆ | ਸ਼ਹਿਰ ਵਿਚ ਚੱਲ ਰਹੀਆਂ ਸਿਆਸੀ ਕਿਆਸਅਰਾਈਆਂ ਵਿਚਾਲੇ ਸ. ਕੋਟਭਾਈ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਜਿੱਤੇ ਉਮੀਦਵਾਰ ਕਿਸੇ ਵੀ ਤਰ੍ਹਾਂ ਨਾਲ ਪਾਰਟੀ ਦੇ ਅਸੂਲਾਂ ਤੋਂ ਉਲਟ ਨਹੀਂ ਜਾਣਗੇ ਅਤੇ ਪਾਰਟੀ ਹਾਈ ਕਮਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਅਨੁਸਾਰ ਹੀ ਫ਼ੈਸਲੇ ਲਏ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਜੇਕਰ 'ਆਪ' ਕਮੇਟੀ ਬਣਾਉਣ ਲਈ ਕੌਂਸਲਰਾਂ ਦੀ ਖ਼ਰੀਦੋ-ਫ਼ਰੋਖ਼ਤ ਕਰਦੀ ਹੈ ਤਾਂ ਬਹੁਤ ਮੰਦਭਾਗਾ ਹੋਵੇਗਾ-ਹਰਪ੍ਰੀਤ ਸਿੰਘ ਕੋ... ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਦੀ ਨਗਰ ਕੌਂਸਲ ਦੇ ਕੌਣ ਬਣਨਗੇ ਪ੍ਰਧਾਨ, ਵੱਖ-ਵੱਖ ਨਾਵਾਂ ਦੀ ਸ਼ਹਿਰ 'ਚ ਚਰਚਾ <br/>
Ad Position 24