ਮਲੋਟ, 30 ਮਈ (ਅਜਮੇਰ ਸਿੰਘ ਬਰਾੜ)-ਨਗਰਪਾਲਿਕਾ ਮਲੋਟ ਦੀਆਂ ਕੁੱਲ 27 ਸੀਟਾਂ ਵਿਚੋਂ ਆਮ ਆਦਮੀ ਪਾਰਟੀ ਨੂੰ 12 ਸੀਟਾਂ ਮਿਲੀਆਂ ਹਨ | ਕਾਂਗਰਸ 8 ਤੇ ਅਕਾਲੀ ਦਲ 7 ਸੀਟਾਂ ਪ੍ਰਾਪਤ ਕਰਨ ਵਿਚ ਸਫ਼ਲ ਰਿਹਾ | ਬਹੁਮਤ ਕਿਸੇ ਵੀ ਪਾਰਟੀ ਕੋਲ ਨਾ ਹੋਣ ਕਰਕੇ ਤਿੰਨੇ ਪ੍ਰਮੁੱਖ ਪਾਰਟੀਆਂ ਇਕ-ਦੂਜੇ ਦਾ ਸਹਾਰਾ ਲੋਚਦੀਆਂ ਹਨ | ਪਿਛਲੀ ਵਾਰ ਨਗਰ ਪਾਲਿਕਾ ਵਿਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪੰਜ ਸਾਲ ਪੂਰੇ 'ਘਿਓ ਖਿਚੜੀ' ਰਹੇ ਅਤੇ ਉਸੇ ਲਿਹਾਜ਼ 'ਤੇ ਅੰਦਾਜੇ ਲਾਏ ਜਾ ਰਹੇ ਹਨ ਕਿ ਦੋਵੇਂ ਇਸ ਵਾਰ ਵੀ ਰਲ ਕੇ ਮਲੋਟ ਵਿਖੇ ਕਮੇਟੀ ਬਣਾਉਣਗੀਆਂ, ਪਰ ਇਸ ਤੋਂ ਪਹਿਲਾਂ ਨਗਰ ਪਾਲਿਕਾ ਮਲੋਟ ਵਿਚ ਵੱਡੀ ਧਿਰ ਵਜੋਂ ਉਭਰੀ ਆਮ ਆਦਮੀ ਪਾਰਟੀ ਵਲੋਂ ਆਪਣੀ ਕਮੇਟੀ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ | ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਸਪੱਸ਼ਟ ਬਹੁਮਤ ਨਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਕਿਹਾ ਕਿ ਮੇਰੀ ਇਕ ਵੋਟ ਹੈ ਅਤੇ ਇਸ ਤੋਂ ਇਲਾਵਾ ਫ਼ਿਰ ਵੀ ਉਹ ਮਲੋਟ ਵਿਖੇ ਆਪਣੀ ਕਮੇਟੀ ਬਣਾਉਣਗੇ | ਯਕੀਨਨ ਆਮ ਆਦਮੀ ਪਾਰਟੀ ਨੂੰ ਘੱਟੋ-ਘੱਟ ਦੋ ਸੀਟਾਂ ਦੀ ਹੋਰ ਲੋੜ ਹੈ | ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਕੋਟਭਾਈ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ 7 ਮੈਂਬਰ ਜਿੱਤੇ ਹਨ ਤੇ ਇਹ ਸਾਰੇ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪਾਰਟੀ ਦੀ ਹੁਕਮ ਅਨੁਸਾਰ ਹੀ ਚੱਲਣਗੇ, ਪਰ ਜੇਕਰ ਮਲੋਟ ਪਾਲਿਕਾ ਵਿਖੇ ਆਪਣੀ ਸਰਕਾਰ ਬਣਾਉਣ ਲਈ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਜਾਂ ਹੋਰ ਆਗੂ ਕੌਂਸਲਰ ਉਮੀਦਵਾਰਾਂ ਦੀ ਖ਼ਰੀਦੋ-ਫ਼ਰੋਖਤ ਕਰਦਾ ਹੈ ਤਾਂ ਇਹ ਬਹੁਤ ਮੰਦਭਾਗਾ ਹੋਵੇਗਾ | ਉਨ੍ਹਾਂ ਕਿਹਾ ਕਿ 27 ਮੈਂਬਰਾਂ ਤੋਂ ਇਲਾਵਾ ਇਕ ਵੋਟ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਵਿਧਾਇਕਾ ਵਜੋਂ ਹੈ ਅਤੇ ਇਸ ਤਰ੍ਹਾਂ ਕੁੱਲ 28 ਮੈਂਬਰ ਹੋਣਗੇ | ਇਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਕਮੇਟੀ ਬਣਾਉਣ ਲਈ 15 ਮੈਂਬਰਾਂ ਦੀ ਲੋੜ ਹੋਵੇਗੀ ਤੇ ਇਸ ਗਿਣਤੀ-ਮਿਣਤੀ ਅਨੁਸਾਰ ਆਮ ਆਦਮੀ ਪਾਰਟੀ ਨੂੰ ਦੋ ਮੈਂਬਰਾਂ ਦੀ ਹੋਰ ਜ਼ਰੂਰ ਹੋਵੇਗੀ | ਸਾਬਕਾ ਵਿਧਾਇਕ ਨੂੰ ਜਦ ਕਾਂਗਰਸ ਨਾਲ ਰਲ ਕੇ ਕਮੇਟੀ ਬਣਾਉਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸਿਆਸਤ ਵਿਚ ਕੁਝ ਵੀ ਅਸੰਭਵ ਨਹੀਂ ਹੁੰਦਾ, ਪਰ ਸ਼੍ਰੋਮਣੀ ਅਕਾਲੀ ਦਲ ਦੇ 7 ਕੌਂਸਲਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਲਕੀਰ ਤੋਂ ਬਾਹਰ ਨਹੀਂ ਜਾਣਗੇ | ਜਦ ਉਨ੍ਹਾਂ ਨੂੰ ਪੁੱਛਿਆ ਕਿ ਪਿਛਲੀ ਵਾਰ ਨਗਰ ਪਾਲਿਕਾ ਮਲੋਟ ਵਿਚ ਸ਼੍ਰੋਮਣੀ ਅਕਾਲੀ ਦਲ ਦੇ 11 ਮੈਂਬਰਾਂ ਦੀ ਥਾਂ ਇਸ ਵਾਰ 7 ਉਮੀਦਵਾਰ ਜਿੱਤੇ ਤਾਂ ਉਨ੍ਹਾਂ ਕਿਹਾ ਕਿ 10 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਰਾਜਭਾਗ ਤੋਂ ਬਾਹਰ ਹੈ ਤੇ 10 ਸਾਲਾਂ ਬਾਅਦ ਵੀ ਜੇਕਰ ਪਾਲਿਕਾ ਮਲੋਟ ਵਿਚ 7 ਮੈਂਬਰ ਜਿੱਤੇ ਹਨ, ਤਾਂ ਇਹ ਕੋਈ ਛੋਟੀ ਗੱਲ ਨਹੀਂ | ਉਨ੍ਹਾਂ ਕਿਹਾ ਕਿ ਵਾਰਡ ਨੰਬਰ 2 ਤੋਂ ਸ਼ਿਵਰਾਜ ਸਿੰਘ ਪਿੰਦਰ ਕੰਗ ਇਨ੍ਹਾਂ ਦੇ ਜਿੱਤਣ ਦੀ ਪੂਰੀ ਉਮੀਦ ਸੀ, ਪਰ ਉਹ 58 ਵੋਟਾਂ 'ਤੇ ਫ਼ਰਕ ਨਾਲ ਚੋਣ ਹਾਰ ਗਏ | ਇਸੇ ਤਰ੍ਹਾਂ ਕੁਝ ਹੋਰ ਮੈਂਬਰ ਥੋੜ੍ਹੀਆਂ ਵੋਟਾਂ ਦੇ ਫ਼ਰਕ ਨਾਲ ਚੋਣ ਹਾਰੇ | ਉਨ੍ਹਾਂ ਇਹ ਮੰਨਿਆ ਕਿ ਕੁਝ ਅਕਾਲੀ ਆਗੂ ਜਿਨ੍ਹਾਂ ਨੂੰ ਉਹ ਟਿਕਟਾਂ ਦੇਣਾ ਚਾਹੁੰਦੇ ਸਨ, ਉਹ ਇਹ ਚੋਣ ਲੜਨ ਲਈ ਨਹੀਂ ਮੰਨੇ ਨਹੀਂ ਤਾਂ ਨਤੀਜੇ ਹੋਰ ਹੁੰਦੇ | ਮੰਡੀ ਹਰਜੀ ਰਾਮ ਵਿਚ ਸ਼੍ਰੋਮਣੀ ਅਕਾਲੀ ਦਲ ਇਕ ਹੀ ਉਮੀਦਵਾਰ ਜਿੱਤਣ ਬਾਰੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਨ੍ਹਾਂ ਚੋਣਾਂ ਵਿਚ ਨੌਜਵਾਨ ਵਰਗ ਨੂੰ ਨਾਲ ਜੋੜਿਆ ਹੈ ਅਤੇ ਬਹੁਤ ਵਧੀਆ ਹੋਰ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹਨ, ਜਿਸ ਕਰਕੇ ਅਕਾਲੀ ਦਲ ਨੂੰ 2027 ਦੀਆਂ ਆ ਰਹੀਆਂ ਚੋਣਾਂ ਵਿਚ ਵੀ ਮੰਡੀ ਹਰਜੀ ਰਾਮ ਤੇ ਹੋਰ ਨੇੜਲੇ ਇਲਾਕਿਆਂ ਵਿਚ ਵੱਡਾ ਫ਼ਾਇਦਾ ਹੋਵੇਗਾ |