ਸ੍ਰੀ ਮੁਕਤਸਰ ਸਾਹਿਬ, 2 ਜੂਨ (ਰਣਜੀਤ ਸਿੰਘ ਢਿੱਲੋਂ)-ਸਿਹਤ ਵਿਭਾਗ ਵਲੋਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੇ ਚੱਲਦਿਆਂ ਸੀ.ਐੱਚ.ਸੀ. ਦੋਦਾ ਵਿਖੇ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਆਪ੍ਰੇਸ਼ਨਾਂ ਦੇ ਮਾਹਿਰ ਡਾਕਟਰ ਸਿਮਰਜੀਤ ਸਿੰਘ ਦੀ ਤਾਇਨਾਤੀ ਕੀਤੀ ਗਈ ਹੈ | ਸਿਹਤ ਵਿਭਾਗ ਵਲੋਂ ਇਲਾਕੇ ਦੇ ਲੋਕਾਂ ਨੂੰ ਆਪ੍ਰੇਸ਼ਨਾਂ ਦੇ ਲਈ ਮਾਹਿਰ ਡਾਕਟਰ ਦੀਆਂ ਸੇਵਾਵਾਂ ਸਥਾਨਕ ਪੱਧਰ 'ਤੇ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਨਿਯੁਕਤੀ ਕੀਤੀ ਗਈ ਹੈ, ਕਿਉਂਕਿ ਸੀ.ਐੱਚ.ਸੀ. ਦੋਦਾ ਵਿਖੇ ਸਰਜਨ ਦੀ ਕਮੀ ਸੀ | ਡਾ. ਸੁਨੀਲ ਬਾਂਸਲ ਸਿਵਲ ਸਰਜਨ ਵਲੋਂ ਦਫ਼ਤਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਵਿਖੇ ਡਾਕਟਰ ਸਿਮਰਜੀਤ ਸਿੰਘ ਨੂੰ ਨਿਯੁਕਤੀ ਪੱਤਰ ਦਿੱਤਾ ਗਿਆ | ਇਸ ਮੌਕੇ ਡਾ. ਸੁਨੀਲ ਬਾਂਸਲ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਉਚ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਨਵੇਂ ਭਰਤੀ ਹੋ ਰਹੇ ਡਾਕਟਰਾਂ ਦੀ ਤਾਇਨਾਤੀ ਨਾਲ ਹਸਪਤਾਲਾਂ ਵਿਚ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ 'ਚ ਮਦਦ ਮਿਲੇਗੀ ਅਤੇ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਮਿਲੇਗਾ | ਉਨ੍ਹਾਂ ਵਲੋਂ ਤਾਇਨਾਤ ਕੀਤੇ ਗਏ ਡਾਕਟਰ ਨੂੰ ਆਪਣੀਆਂ ਡਿਊਟੀਆਂ ਇਮਾਨਦਾਰੀ ਤੇ ਜ਼ਿੰਮੇਵਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਮਰੀਜ਼ਾਂ ਦੀ ਸੇਵਾ ਸਭ ਤੋਂ ਵੱਡੀ ਤਰਜ਼ੀਹ ਹੋਣੀ ਚਾਹੀਦੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਸੀ.ਐੱਚ.ਸੀ. ਦੋਦਾ ਵਿਚ ਨਵੇਂ ਡਾਕਟਰ ਦੀ ਤਾਇਨਾਤੀ ਨਾਲ ਇਲਾਕੇ ਦੇ ਲੋਕਾਂ ਨੂੰ ਹੋਰ ਬਿਹਤਰ ਸਿਹਤ ਸੇਵਾਵਾਂ ਮਿਲਣਗੀਆਂ | ਇਸ ਮੌਕੇ ਡਾ. ਸਰਬਜੀਤ ਸਿੰਘ ਸਹਾਇਕ ਸਿਵਲ ਸਰਜਨ, ਡਾ. ਰੌਬਿਨ ਜ਼ਿਲ੍ਹਾ ਐਪੀਡੀਮੋਲੋਜਿਸਟ, ਰੁਪਿੰਦਰ ਕੌਰ ਸੁਪਰਡੈਂਟ, ਲਾਲ ਚੰਦ ਸਿਹਤ ਇੰਸਪੈਕਟਰ, ਲੱਕੀ ਕੁਮਾਰ ਡੀਲਿੰਗ ਸਹਾਇਕ, ਪਵਿੱਤਰ ਸਿੰਘ ਐੱਮ.ਐੱਲ.ਟੀ. ਹਾਜ਼ਰ ਸਨ |