ਸ੍ਰੀ ਮੁਕਤਸਰ ਸਾਹਿਬ, 6 ਜੂਨ (ਰਣਜੀਤ ਸਿੰਘ ਢਿੱਲੋਂ)-ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੀ ਹੰਗਾਮੀ ਮੀਟਿੰਗ ਕਰਮਜੀਤ ਸ਼ਰਮਾ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਆਗੂਆਂ ਨੇ ਕਿਹਾ ਕਿ ਬਿਜਲੀ ਬੋਰਡ ਪਟਿਆਲਾ ਸਾਹਮਣੇ ਸ਼ਾਂਤਮਈ ਬੇਰੁਜ਼ਗਾਰਾਂ ਦੇ ਧਰਨੇ ਵਿਚ ਬੈਠੇ ਨੌਜਵਾਨਾਂ ਉਪਰ ਪੰਜਾਬ ਸਰਕਾਰ ਵਲੋਂ ਆਪਣੀ ਪੁਲਿਸ ਰਾਹੀਂ ਲਾਠੀਚਾਰਜ ਕੀਤਾ ਗਿਆ ਹੈ, ਜੋ ਬਹੁਤ ਨਿੰਦਣਯੋਗ ਹੈ | ਆਗੂਆਂ ਨੇ ਕਿਹਾ ਕਿ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਦੇ ਅੰਦੋਲਨ ਵਿਚ ਵੀ ਐਸੋਸੀਏਸ਼ਨ ਦੀ ਜ਼ਿਲ੍ਹਾ ਕਮੇਟੀ ਨੇ ਆਪਣੀ ਹਾਜ਼ਰੀ ਲਗਵਾਈ ਅਤੇ ਅੰਦੋਲਨ ਨੂੰ ਹਮਾਇਤ ਦਿੱਤੀ | ਉਨ੍ਹਾਂ ਮੰਗ ਕੀਤੀ ਕਿ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਨੂੰ ਪੱਕੇ ਕਰਕੇ ਪੂਰੀ ਤਨਖ਼ਾਹ ਦਿੱਤੀ ਜਾਵੇ | ਐਸੋਸੀਏਸ਼ਨ ਨੇ ਪੈਨਸ਼ਨਰਜ਼ ਦੀਆਂ ਬਕਾਇਆ ਮੰਗਾਂ ਸੰਬੰਧੀ ਸੂਬਾ ਕਮੇਟੀ ਦੀ ਹਦਾਇਤ ਅਨੁਸਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਸਾਂਝੇ ਫ਼ਰੰਟ ਨਾਲ ਮਿਲ ਕੇ ਮੰਗ ਪੱਤਰ ਸੌਂਪਿਆ | ਇਸ ਮੌਕੇ ਜਸਵੰਤ ਸਿੰਘ ਬਰਾੜ, ਚੌਧਰੀ ਬਲਬੀਰ ਸਿੰਘ, ਕੁਲਦੀਪ ਸਿੰਘ ਬਰਾੜ, ਬਲਵੰਤ ਸਿੰਘ ਅਟਵਾਲ, ਬਲਜੀਤ ਸਿੰਘ ਅਤੇ ਅੰਗਰੇਜ਼ ਸਿੰਘ ਬਰਾੜ ਹਾਜ਼ਰ ਸਨ |