ਮਲੋਟ, 15 ਜੂਨ (ਪਾਟਿਲ, ਅਜਮੇਰ ਸਿੰਘ ਬਰਾੜ)-ਥਾਣਾ ਸਦਰ ਮਲੋਟ ਅਧੀਨ ਆਉਂਦੇ ਪਿੰਡ ਮਲੋਟ ਦੇ ਮਾਨ ਪਤੀ ਇਲਾਕੇ ਵਿਚ ਸ਼ਨੀਵਾਰ ਸ਼ਾਮ ਇਕ ਝਗੜੇ ਦੌਰਾਨ ਫਾਇਰਿੰਗ ਹੋਣ ਕਾਰਨ ਇਕ ਨੌਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਸੀ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਨੌਜਵਾਨ ਹੱਥ ਵਿਚ ਪਿਸਤੌਲ ਫ਼ੜ੍ਹ ਕੇ ਲੋਕਾਂ ਨੂੰ ਵੰਗਾਰਦਾ ਨਜ਼ਰ ਆ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁਰੂਆਤੀ ਤੌਰ ’ਤੇ ਇਹ ਮਾਮਲਾ ਪਿੰਡ ਮਲੋਟ ਦੀ ਇਕ ਗਲੀ ਵਿਚ ਰਹਿੰਦੇ ਇਕ ਕਿਰਾਏਦਾਰ ਨੌਜਵਾਨ ਤੇ ਉਸ ਦੇ ਗੁਆਂਢੀਆਂ ਵਿਚਾਲੇ ਹੋਏ ਵਿਵਾਦ ਨਾਲ ਜੋੜਿਆ ਜਾ ਰਿਹਾ ਸੀ। ਦੱਸਿਆ ਗਿਆ ਕਿ ਵਿਵਾਦ ਵਧਣ ਤੋਂ ਬਾਅਦ ਦੋਵਾਂ ਧਿਰਾਂ ਨੇ ਆਪਣੇ ਸਮਰਥਕ ਮੌਕੇ ’ਤੇ ਬੁਲਾ ਲਏ, ਜਿਸ ਦੌਰਾਨ ਫਾਇਰਿੰਗ ਹੋਈ ਅਤੇ ਰਾਜਕਰਨ ਦੇ ਪੱਟ ਵਿਚ ਗੋਲੀ ਲੱਗ ਗਈ। ਜ਼ਖ਼ਮੀ ਨੂੰ ਪਹਿਲਾਂ ਮਲੋਟ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਦੀ ਗੰਭੀਰ ਹਾਲਤ ਦੇ ਮੱਦੇਨਜ਼ਰ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਗਿਆ। ਹਾਲਾਂਕਿ ਡੀ.ਐੱਸ.ਪੀ. ਮਲੋਟ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਮਾਮਲੇ ਦੀ ਅਸਲ ਵਜ੍ਹਾ ਇਕ ਪੌੜੀ ਨੂੰ ਲੈ ਕੇ ਹੋਇਆ ਵਿਵਾਦ ਸੀ। ਡੀ.ਐੱਸ.ਪੀ. ਨੇ ਦੱਸਿਆ ਕਿ ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਰਿਤਿਕ ਕੁਮਾਰ, ਜੋ ਮਲੋਟ ਵਿਚ ਕਿਰਾਏ ’ਤੇ ਰਹਿੰਦਾ ਹੈ, ਨੇ ਆਪਣੇ ਗੁਆਂਢ ਵਿਚ ਇਕ ਚੁਬਾਰੇ ਨੂੰ ਲੱਗੀ ਪੌੜੀ ਦੇ ਡਿੱਗਣ ਸੰਬੰਧੀ ਗੱਲਬਾਤ ਕਰਨ ਲਈ ਕੁਝ ਹੋਰ ਨੌਜਵਾਨਾਂ ਨਾਲ ਮਿਲ ਕੇ ਇਕ ਬਜ਼ੁਰਗ ਕੋਲ ਪਹੁੰਚ ਕੀਤੀ ਸੀ। ਇਸ ਦੌਰਾਨ ਤਕਰਾਰ ਹੋ ਗਈ। ਡੀ.ਐੱਸ.ਪੀ. ਅਨੁਸਾਰ ਜਦੋਂ ਰਾਜਕਰਨ ਨੇ ਦਖ਼ਲ ਦੇ ਕੇ ਬਜ਼ੁਰਗ ਨਾਲ ਬਹਿਸ ਕਰਨ ਤੋਂ ਰੋਕਿਆ ਤਾਂ ਰਿਤਿਕ ਕੁਮਾਰ ਨੇ ਗੋਲੀ ਚਲਾ ਦਿੱਤੀ, ਜੋ ਉਸ ਦੇ ਪੱਟ ਵਿਚ ਜਾ ਲੱਗੀ। ਪੁਲਿਸ ਨੇ ਜ਼ਖ਼ਮੀ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਰਿਤਿਕ ਕੁਮਾਰ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਧਾਰਾ 307 ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਡੀ.ਐੱਸ.ਪੀ. ਨੇ ਇਹ ਵੀ ਖ਼ੁਲਾਸਾ ਕੀਤਾ ਕਿ ਮੁੱਖ ਮੁਲਜ਼ਮ ਰਿਤਿਕ ਕੁਮਾਰ ਨਸ਼ਾ ਕਰਨ ਦਾ ਆਦੀ ਹੈ ਅਤੇ ਉਸ ਖ਼ਿਲਾਫ਼ ਥਾਣਾ ਸਦਰ ਮਲੋਟ ਵਿਚ ਨਸ਼ਾ ਤਸਕਰੀ ਸੰਬੰਧੀ ਇਕ ਹੋਰ ਮਾਮਲਾ ਵੀ ਪਹਿਲਾਂ ਦਰਜ ਹੋ ਚੁੱਕਾ ਹੈ। ਉਹ ਹਾਲ ਹੀ ਵਿਚ ਜ਼ਮਾਨਤ ’ਤੇ ਰਿਹਾਅ ਹੋਇਆ ਸੀ। ਪੁਲਿਸ ਅਨੁਸਾਰ ਮੁਲਜ਼ਮ ਅਤੇ ਉਸ ਦੇ ਸਾਥੀ ਘਟਨਾ ਤੋਂ ਬਾਅਦ ਫ਼ਰਾਰ ਹਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਜਾਰੀ ਹੈ।