ਸ੍ਰੀ ਮੁਕਤਸਰ ਸਾਹਿਬ, 18 ਜੂਨ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪੁਲਿਸ ਮੁਖੀ ਅਭਿਮਨਿਊ ਰਾਣਾ ਵਲੋਂ ਜਿੱਥੇ ਜ਼ਿਲ੍ਹੇ ਅੰਦਰ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ, ਮਾੜੇ/ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ, ਨਸ਼ੇ ਦਾ ਖ਼ਾਤਮਾ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਸੀ.ਈ.ਆਈ.ਆਰ. ਪੋਰਟਲ ਦੀ ਮਦਦ ਨਾਲ ਲੋਕਾਂ ਦੇ ਗੁੰਮ ਹੋਏ ਕਰੀਬ 150 ਮੋਬਾਇਲ ਫ਼ੋਨ ਟਰੇਸ ਕਰਕੇ ਜ਼ਿਲ੍ਹਾ ਪੁਲਿਸ ਮੁਖੀ ਦੀ ਨਿਗਰਾਨੀ ਹੇਠ ਹਰਜੀਤ ਸਿੰਘ ਡੀ.ਐੱਸ.ਪੀ. ਵਲੋਂ ਫ਼ੋਨ ਮਾਲਕਾਂ ਨੂੰ ਸੌਂਪੇ ਗਏ। ਇਸ ਮੌਕੇ ਐੱਸ.ਆਈ. ਰਜਨੀ ਬਾਲਾ ਇੰਚਾਰਜ ਟੈਕਨੀਕਲ ਸੈੱਲ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਹਾਜ਼ਰ ਸਨ। ਇਸ ਮੌਕੇ ਐੱਸ.ਐੱਸ.ਪੀ. ਅਭਿਮਨਿਊ ਰਾਣਾ ਨੇ ਦੱਸਿਆ ਕਿ ਕਿ ਪਿਛਲੇ ਸਮੇਂ ਦੌਰਾਨ ਮੋਬਾਇਲ ਗੁੰਮ ਹੋਣ ਬਾਰੇ ਜ਼ਿਲ੍ਹਾ ਪੁਲਿਸ ਨੂੰ ਸ਼ਿਕਾਇਤਾਂ ਮੌਸੂਲ ਹੋਈਆਂ ਸਨ। ਇਨ੍ਹਾਂ ਸ਼ਿਕਾਇਤਾਂ ‘ਤੇ ਕਾਰਵਾਈ ਕਰਦੇ ਹੋਏ ਟੈਕਨੀਕਲ ਟੀਮ ਵਲੋਂ ਇਨ੍ਹਾਂ ਗੁੰਮ ਹੋਏ ਮੋਬਾਇਲ ਫ਼ੋਨਾਂ ਨੂੰ ਸੀ.ਈ.ਆਈ.ਆਰ. ਪੋਰਟਲ ‘ਤੇ ਟਰੇਸਿੰਗ ‘ਤੇ ਲਗਾਇਆ ਗਿਆ ਸੀ, ਜਿਸ ‘ਤੇ 150 ਮੋਬਾਇਲ ਫ਼ੋਨ ਚੱਲਦੇ ਪਾਏ ਗਏ। ਇਹ ਮੋਬਾਇਲ ਫ਼ੋਨ ਟੈਕਨੀਕਲ ਟੀਮ ਵਲੋਂ ਟਰੇਸ ਕਰਕੇ ਅੱਜ ਮੋਬਾਇਲ ਮਾਲਕਾਂ ਨੂੰ ਦਫ਼ਤਰ ਬੁਲਾ ਕੇ ਸੌਂਪੇ ਗਏ। ਉਨ੍ਹਾਂ ਦੱਸਿਆ ਕਿ 1 ਜਨਵਰੀ 2022 ਤੋਂ ਹੁਣ ਤੱਕ ਤਕਰੀਬਨ 1690 ਦੇ ਕਰੀਬ ਮੋਬਾਇਲ ਫ਼ੋਨਾਂ ਨੂੰ ਟਰੇਸ ਕਰਕੇ ਉਨ੍ਹਾਂ ਦੇ ਮਾਲਕਾਂ ਨੂੰ ਸੌਂਪਿਆ ਜਾ ਚੁੱਕਿਆ ਹੈ, ਜਿਨ੍ਹਾਂ ਦੀ ਕੀਮਤ ਲਗਪਗ 2 ਕਰੋੜ 89 ਲੱਖ ਰੁਪਏ ਬਣਦੀ ਹੈ। ਜ਼ਿਲ੍ਹਾ ਪੁਲਿਸ ਮੁਖੀ ਵਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਵਿਅਕਤੀ ਦਾ ਮੋਬਾਇਲ ਗੁੰਮ ਹੁੰਦਾ ਹੈ ਤਾਂ ਉਹ ਮੋਬਾਇਲ ਦਾ ਮਾਰਕਾ, ਆਈ.ਐੱਮ.ਈ.ਆਈ. ਨੰਬਰ, ਕੰਪਨੀ ਤੇ ਮੋਬਾਇਲ ਵਿਚ ਪਹਿਲਾਂ ਚੱਲਦੇ ਫ਼ੋਨ ਨੰਬਰ ਵਗੈਰਾ ਦਾ ਵੇਰਵਾ ਦਿੰਦੇ ਹੋਏ ਸ਼ਿਕਾਇਤ ਨੇੜੇ ਪੁਲਿਸ ਸਾਂਝ ਕੇਂਦਰ ਵਿਚ ਦਰਜ ਕਰਵਾਉਣ ਤਾਂ ਜੋ ਉਨ੍ਹਾਂ ਦਾ ਮੋਬਾਇਲ ਫ਼ੋਨ ਟਰੇਸਿੰਗ ‘ਤੇ ਲਗਾਉਣ ਸੰਬਧੀ ਅਗਲੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਆਮ ਲੋਕ ਸੀ.ਈ.ਆਈ.ਆਰ. ਪੋਰਟਲ ‘ਤੇ ਆਪਣੀ ਸ਼ਿਕਾਇਤ ਨੰਬਰ (ਯੂ.ਆਈ.ਡੀ. ਨੰਬਰ) ਅਪਡੇਟ ਕਰਕੇ ਆਪਣੇ ਗੁੰਮ ਹੋਏ ਮੋਬਾਇਲ ਫ਼ੋਨ ਦਾ ਸਟੇਟਸ ਚੈੱਕ ਕਰ ਸਕਦੇ ਹਨ, ਇਸ ਦੇ ਨਾਲ ਹੀ ਮੋਬਾਈਲ ਫ਼ੋਨ ਗੁੰਮ ਹੋਣ ਦੀ ਸ਼ਿਕਾਇਤ ਆਪਣੇ ਨੇੜੇ ਦੇ ਥਾਣੇ ਜਾਂ ਟੈਕਨੀਕਲ ਦਫ਼ਤਰ ਆ ਕੇ ਵੀ ਦੇ ਸਕਦੇ ਹਨ। ਜ਼ਿਲ੍ਹਾ ਪੁਲਿਸ ਮੁਖੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਈ ਮੋਬਾਇਲ ਡਿੱਗਾ ਹੋਇਆ ਮਿਲਦਾ ਹੈ ਤਾਂ ਉਸ ਦੀ ਵਰਤੋਂ ਕਰਨ ਦੀ ਬਜਾਏ ਉਸ ਨੂੰ ਨੇੜੇ ਦੇ ਪੁਲਿਸ ਸਟੇਸ਼ਨ ਵਿਖੇ ਜਮ੍ਹਾਂ ਕਰਵਾਇਆ ਜਾਵੇ। ਇਸ ਮੌਕੇ ਮੋਬਾਇਲ ਮਾਲਕਾਂ ਵਲੋਂ ਐੱਸ.ਐੱਸ.ਪੀ. ਤੇ ਪੁਲਿਸ ਟੀਮ ਦਾ ਧੰਨਵਾਦ ਕੀਤਾ ਗਿਆ।
ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਲੋਕਾਂ ਦੇ ਗੁੰਮ ਹੋਏ 150 ਮੋਬਾਈਲ ਫ਼ੋਨ ਕੀਤੇ ਟਰੇਸ
ਅਜੀਤ ਡੈਸਕ
19-06-2026