ਗਿੱਦੜਬਾਹਾ, 26 ਜੂਨ (ਪਰਮਜੀਤ ਸਿੰਘ ਥੇੜ੍ਹੀ)-ਬੀਤੇ ਦਿਨੀਂ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਵਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ 12ਵੀਂ ਜਮਾਤ ਵਿਚੋਂ 85 ਫ਼ੀਸਦੀ ਤੋਂ ਵਧੇਰੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਗੁਰਦਾਸ ਸਿੰਘ ਮਾਨ ਨੇ ਦੱਸਿਆ ਕਿ ਨਰਾਇਣਗੜ੍ਹ ਪੈਲੇਸ ਸ੍ਰੀ ਮੁਕਤਸਰ ਸਾਹਿਬ ਵਿਖੇ ਸਮਾਰੋਹ ਦੌਰਾਨ ਸਕੂਲ ਦੇ 35 ਵਿਦਿਆਰਥੀ ਨੂੰ ਸਿੱਖਿਆ ਮੰਤਰੀ ਵਲੋਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਸਨਮਾਨ ਸਮਾਰੋਹ ਨਾਲ ਵਿਦਿਆਰਥੀਆਂ ਵਿਚ ਮੁਕਾਬਲੇ ਦੀ ਭਾਵਨਾ ਵਿਕਸਿਤ ਹੁੰਦੀ ਹੈ ਅਤੇ ਵਿਦਿਆਰਥੀ ਭਵਿੱਖ ਵਿਚ ਹੋਰ ਬਿਹਤਰ ਨਤੀਜੇ ਲਿਆਉਣ ਲਈ ਆਸਵੰਦ ਹੁੰਦੇ ਹਨ। ਇਹ ਸਨਮਾਨ ਸਮਾਰੋਹ ਵਿਦਿਆਰਥੀਆਂ ਤੋਂ ਇਲਾਵਾ ਉਨ੍ਹਾਂ ਦੇ ਮਾਪੇ, ਪਿ੍ਰੰ. ਗੁਰਦਾਸ ਸਿੰਘ ਮਾਨ, ਪੰਜਾਬੀ ਵਿਸ਼ੇ ਦੇ ਹੈੱਡ ਆਫ਼ ਡਿਪਾਰਟਮੈਂਟ ਹਰਪ੍ਰੀਤ ਸਿੰਘ ਅਤੇ ਇਕਨੋਮਿਕ ਦੇ ਲੈਕਚਰਾਰ ਰੁਪਿੰਦਰ ਕੌਰ ਵੀ ਹਾਜ਼ਰ ਸਨ।