02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਲੈਕਚਰਾਰ ਭਰਤੀ ’ਚ ਰਿਜ਼ਰਵੇਸ਼ਨ ਨਿਯਮਾਂ ਨੂੰ ਛਿੱਕੇ ਟੰਗਿਆ : ਢੋਸੀਵਾਲ

Ad Position 21
No active advertisement
ਅਜੀਤ ਡੈਸਕ 29-06-2026
ਸ੍ਰੀ ਮੁਕਤਸਰ ਸਾਹਿਬ, 28 ਜੂਨ (ਰਣਜੀਤ ਸਿੰਘ ਢਿੱਲੋਂ)-ਚਾਰ ਕੁ ਦਿਨ ਪਹਿਲਾਂ ਪੰਜਾਬ ਦੇ ਸਿੱਖਿਆ ਭਰਤੀ ਡਾਇਰੈਕਟਰ ਵਲੋਂ ਅੰਗਰੇਜ਼ੀ, ਫਿਜ਼ਿਕਸ, ਕਾਮਰਸ, ਜੌਗਰਫ਼ੀ, ਇਕਨਾਮਿਕਸ, ਪੰਜਾਬੀ, ਮੈਥ, ਪੌਲੀਟੀਕਲ ਸਾਇੰਸ, ਹਿਸਟਰੀ, ਹਿੰਦੀ, ਕੈਮਿਸਟਰੀ ਅਤੇ ਬਾਇਓ ਵਿਸ਼ਿਆਂ ਦੇ 842 ਸਕੂਲੀ ਲੈਕਚਰਾਰਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ। ਇਨ੍ਹਾਂ ਵਿਚੋਂ ਫਰੈਸ਼ ਅਤੇ ਬੈਕਲਾਗ ਵਾਲੀਆਂ ਆਸਾਮੀਆਂ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਹਨ। ਇਨ੍ਹਾਂ ਪੋਸਟਾਂ ਲਈ ਆਨਲਾਈਨ ਅਪਲਾਈ ਕਰਨ ਲਈ 01 ਜੁਲਾਈ ਤੋਂ 31 ਜੁਲਾਈ ਤੱਕ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਪਰੰਤੂ ਬੜੀ ਹੈਰਾਨੀ ਅਤੇ ਦੁੱਖ ਵਾਲੀ ਗੱਲ ਹੈ ਕਿ ਸਰਕਾਰ ਵਲੋਂ ਨਵੀਆਂ ਭਰਤੀਆਂ ਲਈ ਫਿਜ਼ੀਕਸ, ਕਾਮਰਸ, ਭੂਗੋਲ, ਇਕਨਾਮਿਕਸ, ਪੰਜਾਬੀ ਅਤੇ ਕੈਮਿਸਟਰੀ ਵਿਸ਼ਿਆਂ ਲਈ ਸਰਕਾਰੀ ਨਿਯਮਾਂ ਅਨੁਸਾਰ ਬਣਦੀ ਰਿਜ਼ਰਵੇਸ਼ਨ ਨਹੀਂ ਦਿੱਤੀ ਗਈ ਅਤੇ ਰਾਖਵੇਂਕਰਨ ਦੇ ਨਿਯਮਾਂ ਨੂੰ ਛਿੱਕੇ ਟੰਗਦੇ ਹੋਏ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਸੰਸਥਾਪਕ ਅਤੇ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਨੇ ਉਕਤ ਵਿਸ਼ਿਆਂ ਲਈ ਐਸ.ਸੀ./ਬੀ.ਸੀ. ਵਰਗ ਨੂੰ ਰਿਜ਼ਰਵੇਸ਼ਨ ਨਾ ਦਿੱਤੇ ਜਾਣ ਦੀ ਪੁਰਜ਼ੋਰ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਹੈ ਕਿ ਅਜਿਹਾ ਕਰਕੇ ਪੰਜਾਬ ਸਰਕਾਰ ਦਾ ਰਿਜ਼ਰਵੇਸ਼ਨ ਵਿਰੋਧੀ ਚਿਹਰਾ ਬਿਲਕੁਲ ਨੰਗਾ ਹੋ ਗਿਆ ਹੈ। ਅੱਜ ਇਥੇ ਮੰਚ ਦੇ ਮੁੱਖ ਦਫ਼ਤਰ ਤੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਸ੍ਰੀ ਢੋਸੀਵਾਲ ਨੇ ਕਿਹਾ ਹੈ ਕਿ ਬੈਕਲਾਗ ਵਾਲੀਆਂ ਪੋਸਟਾਂ ਲਈ ਐਸ.ਸੀ./ਬੀ.ਸੀ. ਵਰਗ ਲਈ ਰਿਜ਼ਰਵੇਸ਼ਨ ਨਾ ਹੋਣਾ ਕੁਝ ਹੱਦ ਤੱਕ ਤਰਕਸੰਗਤ ਹੋ ਸਕਦਾ ਹੈ ਕਿਉਂਕਿ ਹੋ ਸਕਦਾ ਹੈ ਕਿ ਇਨ੍ਹਾਂ ਪੋਸਟਾਂ ਲਈ ਐਸ.ਸੀ./ਬੀ.ਸੀ. ਵਰਗ ਤੋਂ ਬਿਨਾਂ ਬਾਕੀ ਕੈਟਾਗਿਰੀ ਵਾਲਿਆਂ ਦਾ ਰਹਿੰਦਾ ਬੈਕਲਾਗ ਪੂਰਾ ਕਰਨਾ ਹੋਵੇ। ਪਰੰਤੂ ਫਰੈੱਸ਼ ਪੋਸਟਾਂ ਲਈ ਐਸ.ਸੀ./ਬੀ.ਸੀ. ਵਰਗ ਲਈ ਰਿਜ਼ਰਵੇਸ਼ਨ ਨਾ ਹੋਣਾ ਕਿਸੇ ਤਰ੍ਹਾਂ ਵੀ ਤਰਕਸੰਗਤ ਨਹੀਂ ਅਤੇ ਸਮਝ ਤੋਂ ਬਾਹਰ ਹੈ। ਢੋਸੀਵਾਲ ਨੇ ਅੱਗੇ ਕਿਹਾ ਹੈ ਕਿ ਲੈਕਚਰਾਰ ਭਰਤੀ ਵਿਚ ਰਿਜ਼ਰਵੇਸ਼ਨ ਨਾ ਦਿੱਤੇ ਜਾਣ ਕਾਰਨ ਸਮੁੱਚੇ ਰਿਜ਼ਰਵ ਸਮਾਜ ਵਿਚ ਭਾਰੀ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਜੀਵਨ ਭਰ ਐਸ.ਸੀ./ਬੀ.ਸੀ. ਸਮਾਜ ਅਤੇ ਕਰਮਚਾਰੀਆਂ ਦੇ ਹੱਕਾਂ ਲਈ ਸੰਘਰਸ਼ ਕਰ ਰਹੇ ਦਲਿਤ ਸੰਘਰਸ਼ੀ ਯੋਧੇ ਪ੍ਰਿੰ. ਕ੍ਰਿਸ਼ਨ ਲਾਲ ਬਕੋਲੀਆ ਨੇ ਵੀ ਉਕਤ ਵਿਸ਼ਿਆਂ ਵਿਚ ਰਾਖਵਾਂਕਰਨ ਨਾ ਦਿੱਤੇ ਜਾਣ ਦੀ ਪੁਰਜ਼ੋਰ ਸ਼ਬਦਾਂ ਵਿਚ ਅਲੋਚਨਾ ਕਰਦੇ ਹੋਏ ਇਸ ਨੂੰ ਦਲਿਤ ਵਿਰੋਧੀ ਕਰਾਰ ਦਿੱਤਾ ਹੈ। ਸ੍ਰੀ ਬਕੋਲੀਆ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਰਿਜ਼ਰਵੇਸ਼ਨ ਨੂੰ ਖ਼ਤਮ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ ਜਿਸ ਨੂੰ ਕਿਸੇ ਵੀ ਹਾਲਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ੍ਰੀ ਢੋਸੀਵਾਲ ਅਤੇ ਸ੍ਰੀ ਬਕੋਲੀਆ ਨੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਸਿੱਖਿਆ ਭਰਤੀ ਡਾਇਰੈਕਟੋਰੇਟ ਵਲੋਂ ਬੀਤੀ 26 ਜੂਨ ਨੂੰ ਜਾਰੀ ਇਸ਼ਤਿਹਾਰ ਉਪਰ ਤੁਰੰਤ ਰੋਕ ਲਗਾਈ ਜਾਵੇ, ਰਿਜ਼ਰਵੇਸ਼ਨ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਐਸ.ਸੀ./ਬੀ.ਸੀ. ਸਮਾਜ ਲਈ ਸਰਕਾਰੀ ਨਿਯਮਾਂ ਅਨੁਸਾਰ ਰਿਜ਼ਰਵੇਸ਼ਨ ਦੇਣ ਵਾਲੇ ਨਵੇਂ ਇਸ਼ਤਿਹਾਰ ਜਾਰੀ ਕਰਵਾਏ ਜਾਣ।
Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਮਲੋਟ ਵਿਖੇ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਅਗਲੀ ਖ਼ਬਰ ਪੰਜਾਬ ਸਰਕਾਰ ਜੀ.ਰਾਮ. ਜੀ ਸਕੀਮ ਦੀ ਬਜਾਏ ਪਹਿਲਾਂ ਬਣੇ ਮਨਰੇਗਾ ਕਾਨੂੰਨ ਨੂੰ ਹੀ ਅਮਲ ’ਚ ਲਿਆਵੇ- ਢਿੱਲਵਾਂ
Ad Position 24
No active advertisement