03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਖੇਤੀ ਵਿਰਾਸਤ ਮਿਸ਼ਨ ਤੇ ਨਵ ਤ੍ਰਿੰਞਣ ਵਲੋਂ ‘ਸਾਡੇ ਕਬੀਰ’ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 30-06-2026
ਜੈਤੋ, 29 ਜੂਨ (ਗੁਰਮੀਤਪਾਲ ਰੋੜੀਕਪੂਰਾ)-ਖੇਤੀ ਵਿਰਾਸਤ ਮਿਸ਼ਨ ਅਤੇ ਨਵ ਤ੍ਰਿੰਞਣ ਵਲੋਂ ਕਬੀਰ ਜੈਅੰਤੀ ਦੀ ਪੂਰਵ ਸੰਧਿਆ ਮੌਕੇ ਕਰਵਾਏ ਗਏ ਵਿਸ਼ੇਸ਼ ਸਮਾਗਮ ‘ਸਾਡੇ ਕਬੀਰ’ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੰਤ ਕਬੀਰ ਦਾਸ ਜੀ ਦੀਆਂ ਸਿੱਖਿਆਵਾਂ ਮੌਜੂਦਾ ਸਮੇਂ ਵਿਚ ਵੀ ਬੇਹੱਦ ਪ੍ਰਸੰਗਿਕ ਹਨ। ਉਨ੍ਹਾਂ ਕਿਹਾ ਕਿ ਸੰਤ ਕਬੀਰ ਜੀ ਨੇ ਆਪਣੇ ਜੀਵਨ ਦੌਰਾਨ ਸਮਾਜਿਕ ਬੁਰਾਈਆਂ, ਜਾਤ-ਪਾਤ ਦੇ ਵਿਤਕਰੇ ਅਤੇ ਧਾਰਮਿਕ ਕੱਟੜਤਾ ਖ਼ਿਲਾਫ਼ ਸੰਘਰਸ਼ ਕੀਤਾ। ਉਨ੍ਹਾਂ ਮਨੁੱਖਤਾ ਨੂੰ ਪਿਆਰ, ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ ਅਤੇ ਲੋਕਾਂ ਨੂੰ ਸਮਾਜਿਕ ਭੇਦਭਾਵ ਤੋਂ ਉੱਪਰ ਉੱਠਣ ਲਈ ਪ੍ਰੇਰਿਤ ਕੀਤਾ। ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਾਨੂੰ ਸੱਚ ਦੇ ਰਾਹ ’ਤੇ ਚੱਲਦੇ ਹੋਏ ਆਪਸੀ ਮਤਭੇਦਾਂ ਨੂੰ ਖ਼ਤਮ ਕਰਕੇ ਮਹਾਨ ਸੰਤਾਂ ਦੀਆਂ ਸਿੱਖਿਆਵਾਂ ਨੂੰ ਜੀਵਨ ਵਿਚ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਖੇਤੀ ਵਿਰਾਸਤ ਮਿਸ਼ਨ ਵਲੋਂ ਜ਼ਹਿਰ-ਮੁਕਤ ਖੇਤੀ, ਸਿਹਤ ਅਤੇ ਵਾਤਾਵਰਣ ਖੇਤਰ ਵਿਚ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਮਿਸ਼ਨ ਨੂੰ 5 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ। ਇਸ ਤੋਂ ਪਹਿਲਾਂ ਨਵ ਤ੍ਰਿੰਞਣ ਦੀ ਨਿਰਦੇਸ਼ਕ ਰੂਪਸੀ ਗਰਗ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਤ੍ਰਿੰਞਣ ਬੁਣਕਰ ਪਾਠਸ਼ਾਲਾ ਦੇ ਸਫ਼ਰ ਬਾਰੇ ਜਾਣਕਾਰੀ ਦਿੱਤੀ ਅਤੇ ਤਿੰਨ ਪੀੜੀਆਂ ਦੇ ਬੁਣਕਰਾਂ ਨਾਲ ਜਾਣ-ਪਛਾਣ ਕਰਵਾਈ। ਸਮਾਗਮ ਦੌਰਾਨ ਉੱਘੇ ਚਿੰਤਕ ਅਤੇ ਸ਼ਾਇਰ ਡਾ. ਦੇਵਿੰਦਰ ਸੈਫ਼ੀ ਨੇ ਸੰਤ ਕਬੀਰ ਜੀ ਦੇ ਜੀਵਨ, ਦਰਸ਼ਨ ਅਤੇ ਵਿਚਾਰਧਾਰਾ ਬਾਰੇ ਚਾਨਣਾ ਪਾਇਆ। ਇਸ ਤੋਂ ਇਲਾਵਾ ਪ੍ਰੋ. ਰਾਜੇਸ਼ ਮੋਹਨ ਸ਼ਰਮਾ ਦੀ ਸੰਗੀਤ ਮੰਡਲੀ ਅਤੇ ਨੌਜਵਾਨ ਗਾਇਕ ਤੇਜਪਾਲ ਪ੍ਰਵਾਨਾ ਵਲੋਂ ਕਬੀਰ ਬਾਣੀ ਅਤੇ ਭਜਨਾਂ ਦੀਆਂ ਪੇਸ਼ਕਾਰੀਆਂ ਰਾਹੀਂ ਮਾਹੌਲ ਨੂੰ ਭਗਤੀਮਈ ਬਣਾਇਆ ਗਿਆ। ਅੰਤ ਵਿਚ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਉਮੇਂਦਰ ਦੱਤ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸੰਤ ਕਬੀਰ ਜੀ ਦੀਆਂ ਸਿੱਖਿਆਵਾਂ ਅੱਜ ਦੇ ਸਮੇਂ ਵਿਚ ਹੋਰ ਵੀ ਵਧੇਰੇ ਮਹੱਤਵ ਰੱਖਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰ ਦੀ ਭਾਸ਼ਾ ਪ੍ਰਤੀ ਅਪਣਾਈ ਨੀਤੀ ਦਾ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਵਿਰੋਧ ਅਗਲੀ ਖ਼ਬਰ ਭਾਕਿਯੂ (ਰਾਜੇਵਾਲ) ਵਲੋਂ ਬਿਜਲੀ ਕੱਟਾਂ ਖ਼ਿਲਾਫ਼ ਐਕਸੀਅਨ ਦਫ਼ਤਰ ਵਿਖੇ ਰੋਸ ਪ੍ਰਦਰਸ਼ਨ
Ad Position 24
No active advertisement