ਸ੍ਰੀ ਮੁਕਤਸਰ ਸਾਹਿਬ, 30 ਜੂਨ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਭਾਈ ਦਾਨ ਸਿੰਘ ਯਾਤਰੀ ਨਿਵਾਸ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਕਮੇਟੀ ਮੈਂਬਰ ਸੁਰਜੀਤ ਸਿੰਘ ਰੁਪਾਣਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਕਿਸਾਨਾਂ ਨੇ ਮੰਗ ਕੀਤੀ ਕਿ ਝੋਨੇ ਦੇ ਸੀਜਨ ਵਿਚ ਕਿਸਾਨਾਂ ਨੂੰ ਖੇਤਾਂ ’ਚ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ, ਦੋ ਦਿਨ ਤੋਂ ਖੇਤਾਂ ਵਿੱਚ ਮੋਟਰਾਂ ਦੀ ਲਾਈਟ ਘੰਟਾ-ਘੰਟਾ ਕੱਟ ਲੱਗ ਕੇ ਆ ਰਹੀ ਹੈ, ਜਿਸ ਨਾਲ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਵਲੋਂ ਕੀਤੇ ਵਾਅਦੇ ਕਿ ਦਿਨ ਵਿਚ ਬਿਜਲੀ ਸਪਲਾਈ ਦਿੱਤੀ ਜਾਂਦੀ ਹੈ, ਬਿਲਕੁਲ ਖੋਖਲੇ੍ਹ ਸਾਬਤ ਹੋਏ। ਮੀਟਿੰਗ ਵਿਚ ਕਿਸਾਨਾਂ ਨੇ ਪਿਛਲੇ ਦਿਨੀਂ ਦੋ ਕਿਸਾਨ ਆਗੂ ਦਿਲਰਾਜ ਸਿੰਘ ਅਸਪਾਲਾਂ ਤੇ ਗੁਰਦੇਵ ਸਿੰਘ ਗੰਧੜ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਗਿਆ। ਇਸ ਸਮੇਂ ਕਿਸਾਨਾਂ ਨੇ ਮੰਗ ਕੀਤੀ ਕਿ ਪਹਿਲਾਂ ਬਾਰਿਸ਼ ਨਾ ਹੋਣ ਕਾਰਨ ਝੋਨਾ ਲਾਉਣ ਸਮੇਂ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ ਅਤੇ ਬਾਅਦ ਵਿਚ ਸੇਮਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਹੜ੍ਹਾਂ ਦਾ ਖ਼ਤਰਾ ਬਣਿਆ ਹੋਇਆ ਹੈ, ਇਸ ਕਰਕੇ ਸਮੇਂ ਰਹਿੰਦੇ ਹੀ ਸੇਮ ਨਾਲਿਆਂ ਦੀ ਸਫ਼ਾਈ ਕੀਤੀ ਜਾਵੇ। ਨਹਿਰਾਂ ਤੇ ਕੱਸੀਆਂ ਵਿਚ ਪਾਣੀ ਦੀ ਕਮੀ ਹੈ, ਉਸ ਨੂੰ ਪੂਰਾ ਕੀਤਾ ਜਾਵੇ ਤਾਂ ਕਿ ਕਿਸਾਨਾਂ ਨੂੰ ਝੋਨਾ ਲਾਉਣ ਸਮੇਂ ਕੋਈ ਦਿੱਕਤ ਪੇਸ਼ ਨਾ ਆਵੇ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਘਰਾਂ ਵਿਚ ਲੱਗੇ ਹੋਏ ਮੀਟਰ ਦੀ ਰੀਡਿੰਗ ਵੇਖ ਕੇ ਹੀ ਬਿੱਲ ਦਿੱਤੇ ਜਾਣ। ਇਸ ਸਮੇਂ ਕਿਸਾਨ ਆਗੂ ਨਿਰਵੈਲ ਸਿੰਘ ਫ਼ੱਤਣਵਾਲਾ, ਨਿਰਮਲ ਸਿੰਘ ਸੰਗੂਧੌਣ, ਬਸੰਤ ਸਿੰਘ ਰੁਪਾਣਾ, ਹਰਭਜਨ ਸਿੰਘ ਥਰਾਜਵਾਲਾ, ਲੱਖਾ ਸਿੰਘ ਥਰਾਜਵਾਲਾ, ਲਖਵਿੰਦਰ ਸਿੰਘ ਥਰਾਜਵਾਲਾ, ਤੇਜ ਸਿੰਘ ਥਰਾਜਵਾਲਾ, ਸਰਬਜੀਤ ਸਿੰਘ ਸਰਾਵਾਂ ਬੋਦਲਾ, ਰੇਸ਼ਮ ਸਿੰਘ ਸਰਾਵਾਂ ਬੋਦਲਾ, ਸਾਹਿਬ ਸਿੰਘ ਸਰਾਵਾਂ ਬੋਦਲਾ, ਗੁਰਸੇਵਕ ਸਿੰਘ ਲਖਮੀਰੇਆਣਾ, ਦਰਸ਼ਨ ਸਿੰਘ ਸੰਧੂ ਆਦਿ ਕਿਸਾਨ ਆਗੂ ਹਾਜ਼ਰ ਸਨ।