03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਨਿਕਾਸੀ ਪ੍ਰਬੰਧਾਂ ਦੀ ਖੁੱਲ੍ਹੀ ਪੋਲ, ਸੜਕਾਂ ’ਤੇ ਭਰਿਆ ਮੀਂਹ ਦਾ ਪਾਣੀ

Ad Position 21
No active advertisement
ਅਜੀਤ ਡੈਸਕ 03-07-2026
ਫ਼ਰੀਦਕੋਟ, 2 ਜੁਲਾਈ (ਸਰਬਜੀਤ ਸਿੰਘ)-ਅੱਤ ਦੀ ਗਰਮੀ ਤੋਂ ਬਾਅਦ ਥੋੜੇ ਜਿਹੇ ਮੀਂਹ ਨਾਲ ਲੋਕਾਂ ਨੂੰ ਥੋੜੀ ਜਿਹੀ ਰਾਹਤ ਤਾਂ ਮਿਲੀ ਹੈ, ਪ੍ਰੰਤੂ ਮੀਂਹ ਤੋਂ ਬਾਅਦ ਸੜਕਾਂ ਤੇ ਗਲੀਆਂ ’ਚ ਭਰੇ ਪਾਣੀ ਨਾਲ ਲੋਕਾਂ ਦਾ ਲੰਘਣਾ ਟੱਪਣਾ ਮੁਸ਼ਕਿਲ ਹੋ ਗਿਆ। ਸਰਕਾਰ ਤੇ ਪ੍ਰਸ਼ਾਸਨ ਵਲੋਂ ਕੀਤੇ ਗਏ ਨਿਕਾਸੀ ਦੇ ਪੁਖਤਾ ਪ੍ਰੰਬੰਧਾਂ ਦੇ ਦਾਅਵੇ ਵੀ ਖੋਖਲੇ ਸਾਬਿਤ ਹੋਏ ਹਨ। ਥੋੜੇ ਜਿਹੇ ਮੀਂਹ ਨਾਲ ਸ਼ਹਿਰ ਵਿਚ ਹਰ ਪਾਸੇ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਚੌਂਕਾਂ ਵਿਚ ਪਾਣੀ ਖੜ੍ਹ ਗਿਆ ਹੈ ਜਿਸ ਕਾਰਨ ਲੋਕਾਂ ਦਾ ਲੰਘਣਾ ਟੱਪਣਾ ਮੁਸ਼ਕਿਲ ਹੋ ਗਿਆ ਹੈ। ਇਥੋਂ ਦੇ ਰੈਸਟ ਹਾਊਸ ਜਿੱਥੇ ਆਲਾ ਅਧਿਕਾਰੀਆਂ ਦੀ ਰਿਹਾਇਸ਼ਾਂ ਬਣੀਆਂ ਹੋਈਆਂ ਹਨ ਅਤੇ ਆਮ ਮੁਲਾਜ਼ਮਾਂ ਦੇ ਵੀ ਕੁਆਰਟਰ ਹਨ, ਵਿਚ ਵੀ ਗੋਡੇ ਗੋਡੇ ਪਾਣੀ ਭਰ ਗਿਆ ਹੈ ਅਤੇ ਕਿਸੇ ਵੀ ਪਾਸੇ ਇਸ ਦੀ ਨਿਕਾਸੀ ਨਾ ਹੋਣ ਕਾਰਨ ਇਸ ਪਾਣੀ ਨੂੰ ਨਿਕਲਣ ਨੂੰ ਵੀ ਕਾਫੀ ਸਮਾਂ ਲੱਗ ਜਾਂਦਾ ਹੈ। ਕਈ ਸਾਲਾਂ ਤੋਂ ਇਸ ਸਮੱਸਿਆ ਦੇ ਹੱਲ ਲਈ ਇਲਕੇ ਦੇ ਨਿਵਾਸੀਆਂ ਵਲੋਂ ਸਰਕਾਰੇ ਦਰਬਾਰੇ ਪਹੁੰਚ ਕੀਤੀ ਗਈ ਹੈ, ਪ੍ਰੰਤੂ ਕੋਈ ਹੱਲ ਨਹੀਂ ਕੀਤਾ ਗਿਆ। ਇਥੇ ਦੱਸਣਯੋਗ ਹੈ ਕਿ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਸਰਕਾਰ ਬਨਣ ਤੋਂ ਪਹਿਲਾਂ ਇਸ ਜਗ੍ਹਾ ’ਤੇ ਪਾਣੀ ਵਿਚ ਪਜਾਮਾ ਟੰਗ ਕੇ ਖੜ੍ਹ ਕੇ ਰੀਲਾ ਬਣਾ ਕੇ ਸ਼ੋਸ਼ਲ ਮੀਡੀਆ ’ਤੇ ਪਾਉਂਦੇ ਰਹੇ ਹਨ, ਪ੍ਰੰਤੂ ਉਨ੍ਹਾਂ ਦੀ ਸਰਕਾਰ ਦੇ ਪੰਜ ਸਾਲ ਪੂਰੇ ਹੋਣ ਵਾਲੇ ਹਨ, ਉਨ੍ਹਾਂ ਵਲੋਂ ਇਸ ਸਮੱਸਿਆ ਦੇ ਹੱਲ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ ਗਿਆ। ਕੁਝ ਮਹੀਨੇ ਪਹਿਲਾਂ ਰੈਸਟ ਹਾਊਸ ਵਿਚ ਵਿਕਾਸ ਕਾਰਜਾਂ ਸੰਬੰਧੀ ਉਨ੍ਹਾਂ ਵਲੋਂ ਨੀਂਹ ਪੱਥਰ ਵੀ ਲਗਾਇਆ ਗਿਆ ਸੀ, ਪ੍ਰੰਤੂ ਅਜੇ ਤੱਕ ਕੋਈ ਕੰਮ ਨਹੀਂ ਸ਼ੁਰੂ ਕੀਤਾ ਗਿਆ। ਇਸੇ ਤਰ੍ਹਾਂ ਤਲਵੰਡੀ ਚੌਂਕ ਵਿਚ ਦੋ ਸਾਲ ਦੀਆਂ ਠੋਕਰਾਂ ਤੋਂ ਬਾਅਦ ਇੰਟਰਲਾਕ ਟਾਈਲਾਂ ਲਗਾ ਕੇ ਸੜਕ ਬਣਾਈ ਗਈ ਸੀ, ਵਿਧਾਇਕ ਵਲੋਂ ਇਸ ਸੜਕ ’ਤੇ ਦੋ ਕਰੋੜ ਰੁਪਿਆ ਖਰਚਣ ਅਤੇ ਇੰਟਰਨੈਸ਼ਨਲ ਲੈਵਲ ਦੀ ਸੜਕ ਬਣਾਉਣ ਦਾ ਦਾਅਵਾ ਕੀਤਾ ਗਿਆ ਸੀ, ਪ੍ਰੰਤੂ ਇਸ ਸੜਕ ’ਤੇ ਵੀ ਥੋੜੇ ਜਿਹੇ ਮੀਂਹ ਨਾਲ ਗੋਡੇ ਗੋਡੇ ਪਾਣੀ ਖੜ ਜਾਂਦਾ ਹੈ। ਇਸ ਸੜਕ ਨੂੰ ਬਣਾਉਣ ਸਮੇਂ ਵੀ ਕੋਈ ਲੈਵਲ ਜਾਂ ਨਿਕਾਸੀ ਦੇ ਪ੍ਰਬੰਧਾਂ ਦਾ ਖਿਆਲ ਨਹੀਂ ਰੱਖਿਆ ਗਿਆ। ਇਸ ਤੋਂ ਇਲਾਵਾ ਕਚਿਹਰੀਆਂ ਅੱਗੇ ਬਣੀ ਸੜਕ ਦਾ ਬਾਹਲਾ ਹੀ ਮੰਦਾ ਹਾਲ ਹੈ। ਜਿੱਥੇ ਵੀ ਮੀਂਹ ਤੋਂ ਬਾਅਦ ਗੋਡੇ ਗੋਡੇ ਪਾਣੀ ਭਰ ਜਾਂਦਾ ਹੈ ਅਤੇ ਇਥੇ ਵੀ ਨਿਕਾਸੀ ਨਾਲੇ ਨਾ ਬਣਾਉਣ ਕਾਰਨ ਪਾਣੀ ਕਿਸੇ ਪਾਸੇ ਨਹੀਂ ਜਾਂਦਾ ਅਤੇ ਕਈ ਕਈ ਦਿਨ ਪਾਣੀ ਇਥੇ ਖੜਾ ਰਹਿੰਦਾ ਹੈ ਅਤੇ ਇਸ ਕਾਰਨ ਸੜਕਾਂ ਟੁੱਟੀਆਂ ਹੀ ਰਹਿੰਦੀਆਂ ਹਨ ਤੇ ਸੜਕ ਹਾਦਸੇ ਹੁੁੰਦੇ ਰਹਿੰਦੇ ਹਨ। ਸ਼ਹਿਰ ਵਿਚ ਹੋਰ ਵੀ ਨਹਿਰੂ ਸ਼ਾਪਿੰਗ ਸੈਂਟਰ, ਨੰਦੇਆਣਾ ਗੇਟ, ਰੇਲਵੇ ਰੋਡ ਆਦਿ ਸੜਕਾਂ ਮੀਂਹ ਪੈਣ ਤੋਂ ਬਾਅਦ ਪਾਣੀ ਨਾਲ ਭਰ ਜਾਂਦੀਆਂ ਹਨ ਅਤੇ ਲੰਮਾਂ ਸਮਾਂ ਇਥੋਂ ਵੀ ਪਾਣੀ ਦੀ ਨਿਕਾਸੀ ਨਹੀਂ ਹੁੰਦੀ। ਵੈਸੇ ਵੀ ਪਿਛਲੇ ਦੋ ਹਫਤਿਆਂ ਤੋਂ ਸਫਾਈ ਸੇਵਕਾਂ ਦੀ ਦੋ ਮਹੀਨਿਆਂ ਦੀ ਤਨਖਾਹ ਨਾ ਮਿਲਣ ਕਾਰਨ ਹੜਤਾਲ ਚੱਲ ਰਹੀ ਹੈ ਅਤੇ ਜਗ੍ਹਾ ਜਗ੍ਹਾ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਹਨ ਅਤੇ ਮੀਂਹ ਤੋਂ ਬਾਅਦ ਇਹ ਸਾਰਾ ਕੂੜਾ ਰੁੜ ਕੇ ਨਾਲਿਆਂ ਅਤੇ ਨਾਲੀਆਂ ਵਿਚ ਜਾ ਫ਼ਸਿਆ ਹੈ। ਜਿਸ ਕਰ ਕੇ ਵੀ ਪਾਣੀ ਦੀ ਨਿਕਾਸੀ ਬੰਦ ਹੋਣ ਕਰ ਕੇ ਸਾਰਾ ਸ਼ਹਿਰ ਮੀਂਹ ਤੇ ਨਾਲਿਆਂ ਦੇ ਪਾਣੀ ਵਿਚ ਡੁੱਬ ਗਿਆ ਹੈ। ਸਰਕਾਰ ਦੇ ਨੁਮਾਇੰਦੇ ਇਥੇ ਬਿਲਕੁਲ ਫੇਲ੍ਹ ਨਜ਼ਰ ਆ ਰਹੇ ਹਨ ਅਤੇ ਲੋਕਾਂ ਨੂੰ ਇਨ੍ਹਾਂ ’ਤੇ ਕਾਫੀ ਗੁੱਸਾ ਨਜ਼ਰ ਆ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਰਾਜਸਥਾਨ ਫ਼ੀਡਰ ਦੀ ਪਟੜੀ ਦੀ ਗਾਇਬ ਰੇਲਿੰਗ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ ਅਗਲੀ ਖ਼ਬਰ ਕਰਤਾਰਪੁਰ ਸਾਹਿਬ ਲਾਂਘੇ ਤੋਂ ਇਲਾਵਾ, ਵਪਾਰ ਅਤੇ ਯਾਤਰਾ ਲਈ ਅਟਾਰੀ-ਵਾਹਗਾ ਸਰਹੱਦ ਨੂੰ ਮੁੜ ਖੋਲ੍ਹਿਆ ਜਾਵੇ-ਦਲ ਖ਼ਾਲਸਾ
Ad Position 24
No active advertisement