ਤਲਵੰਡੀ ਸਾਬੋ, 5 ਜੁਲਾਈ (ਰਣਜੀਤ ਸਿੰਘ ਰਾਜੂ)- ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੈਸੇ ਤਾਂ ਪਿਛਲੇ ਸਮੇਂ ‘ਚ ਕਿਸਾਨੀ ਮੋਰਚਿਆਂ ਨਾਲ ਵਰਤਾਏ ਵਰਤਾਰੇ ਕਾਰਨ ਪਹਿਲਾਂ ਹੀ ਕਿਸਾਨ ਵਿਰੋਧੀ ਸਾਬਿਤ ਹੋ ਚੁੱਕੀ ਹੈ, ਪਰ ਹੁਣ ਸਰਕਾਰ ਦੀ ਲੈਂਡ ਪੁਲਿੰਗ ਨੀਤੀ ਨੇ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਫਿਰ ਨੰਗਾ ਕਰ ਦਿੱਤਾ ਹੈ, ਕਿਉਂਕਿ ਸਰਕਾਰ ਦੀ ਨਵੀਂ ਨੀਤੀ ਖੇਤੀ ਅਤੇ ਕਿਸਾਨਾਂ ਦੇ ਭਵਿੱਖ ਨਾਲ ਖਿਲਵਾੜ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕੇ ‘ਚ ਕਾਂਗਰਸ ਵਲੋਂ ਸਰਗਰਮ ਨੌਜਵਾਨ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਪ੍ਰੈਸ ਬਿਆਨ ਰਾਹੀਂ ਕੀਤਾ।ਸਿੱਧੂ ਨੇ ਕਿਹਾ ਕਿ ਮਾਮੂਲੀ ਸੋਧ ਨਾਲ ਸਰਕਾਰ ਨੇ ਪਹਿਲਾਂ ਵਾਲੀ ਹੀ ਲੈਂਡ ਪੁਲਿੰਗ ਨੀਤੀ ਜਾਰੀ ਕਰ ਦਿੱਤੀ ਹੈ ਜੋ ਕਿਸਾਨਾਂ ਦੇ ਵਿਰੋਧ ਕਾਰਨ ਵਾਪਸ ਲਈ ਸੀ। ਉਨ੍ਹਾਂ ਕਿਹਾ ਕਿ ਉਕਤ ਲੈਂਡ ਪੁਲਿੰਗ ਨੀਤੀ ਤਹਿਤ ਪੰਜਾਬ ਦੀ ਉਪਜਾਊ ਖੇਤੀਯੋਗ ਜ਼ਮੀਨ ਨੂੰ ਵਪਾਰਕ ਮਨੋਰਥਾਂ ਲਈ ਵਰਤਣਾ ਪੰਜਾਬ ਦੇ ਹਿਤਾਂ ਦੇ ਉਲਟ ਹੈ ਜਦੋਂਕਿ ਸਰਕਾਰ ਭਲੀਭਾਂਤ ਜਾਣਦੀ ਹੈ ਕਿ ਪੰਜਾਬ ‘ਚ ਵਾਧੂ ਜ਼ਮੀਨ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਦੱਸਣਾ ਚਾਹੀਦੈ ਕਿ ਕੀ ਰਿਹਾਇਸ਼ੀ ਜਾਂ ਵਪਾਰਕ ਪਲਾਟ ਕਿਸਾਨਾਂ ਦੀ ਰੋਜ਼ੀ ਰੋਟੀ ਦਾ ਬਦਲ ਬਣ ਸਕਦੇ ਹਨ। ਜਦੋਂ ਕਿ ਇਸ ਦੇ ਉਲਟ ਕਿਸਾਨਾਂ ਦੀ ਜ਼ਮੀਨ ਕਿਸਾਨਾਂ ਲਈ ਕੇਵਲ ਰੋਜ਼ੀ ਰੋਟੀ ਦਾ ਸਾਧਨ ਨਹੀਂ ਸਗੋਂ ਸੂਬੇ ਦੀ ਆਰਥਿਕਤਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਸੁਰੱਖਿਆ ਦਾ ਆਧਾਰ ਹੈ ਇਸ ਲਈ ਅਗਰ ਸਰਕਾਰ ਕਿਸਾਨ ਹਿਤਾਂ ਦੀ ਭੋਰਾ ਪਰ ਵੀ ਪ੍ਰਵਾਹ ਕਰਦੀ ਹੈ ਤਾਂ ਇਹ ਨੀਤੀ ਤੁਰੰਤ ਵਾਪਸ ਲੈ ਲੈਣੀ ਚਾਹੀਦੀ ਹੈ।