ਸ੍ਰੀ ਮੁਕਤਸਰ ਸਾਹਿਬ, 9 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸਿਹਤ ਵਿਭਾਗ 31 ਜੁਲਾਈ ਤੱਕ ਵਿਸ਼ੇਸ਼ ਦਸਤ ਰੋਕੂ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸੰਬੰਧ ਵਿਚ ਡਾ. ਸੁਨੀਲ ਬਾਂਸਲ ਦੀ ਪ੍ਰਧਾਨਗੀ ਹੇਠ ਅੱਜ ਦਫ਼ਤਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹੇ ਦੀਆਂ ਐੱਲ.ਐੱਚ.ਵੀਜ਼., ਏ.ਐੱਨ.ਐੱਮ. ਤੇ ਆਸ਼ਾ ਵਰਕਰਾਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਡਾ. ਸੁਨੀਲ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਦਸਤ ਰੋਕੋ ਪੰਦ੍ਹਰਵਾੜਾ ਮਨਾਇਆ ਜਾ ਰਿਹਾ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦਸਤ ਕਾਰਨ ਹੋਣ ਵਾਲੀਆਂ ਮੌਤਾਂ ਤੋਂ ਬਚਾਉਣਾ ਹੈ। ਉਨ੍ਹਾਂ ਦੱਸਿਆ ਕਿ ਦਸਤ ਹੋਣ ਦੀ ਸਥਿਤੀ ਵਿਚ ਬੱਚੇ ਨੂੰ ਤੁਰੰਤ ਓ.ਆਰ.ਐੱਸ. ਦਾ ਘੋਲ ਪਿਲਾਇਆ ਜਾਵੇ ਅਤੇ 14 ਦਿਨਾਂ ਤੱਕ ਜ਼ਿੰਕ ਦੀਆਂ ਗੋਲੀਆਂ ਦਿੱਤੀਆਂ ਜਾਣ। ਮਾਪੇ ਬੱਚੇ ਨੂੰ ਦੁੱਧ ਤੇ ਆਮ ਖ਼ੁਰਾਕ ਜਾਰੀ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਨਾ ਕਰਨ। ਜੇਕਰ ਬੱਚੇ ਵਿਚ ਵਾਰ-ਵਾਰ ਦਸਤ, ਉਲਟੀਆਂ, ਬੁਖਾਰ, ਪਿਸ਼ਾਬ ਘੱਟ ਆਉਣਾ ਜਾਂ ਸਰੀਰ ਵਿੱਚ ਪਾਣੀ ਦੀ ਕਮੀ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ। ਡਾ. ਬਾਂਸਲ ਨੇ ਫ਼ੀਲਡ ਸਟਾਫ਼ ਨੂੰ ਕਿਹਾ ਕਿ ਘਰ-ਘਰ ਜਾ ਕੇ ਪਰਿਵਾਰਾਂ ਨੂੰ ਦਸਤਾਂ ਤੋਂ ਬਚਾਅ, ਸਾਫ਼ ਪਾਣੀ ਦੀ ਵਰਤੋਂ, ਹੱਥ ਧੋਣ ਬਾਰੇ ਅਤੇ ਜਿੰਕ ਤੇ ਓ.ਆਰ.ਐੱਸ. ਘੋਲ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਵੇ। ਨਾਲ ਹੀ ਯੋਗ ਪਰਿਵਾਰਾਂ ਨੂੰ ਓ.ਆਰ.ਐੱਸ. ਪੈਕਟ ਤੇ ਜਿੰਕ ਦੀਆਂ ਗੋਲੀਆਂ ਵੀ ਉਪਲਬਧ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿਚ ਓ.ਆਰ.ਐੱਸ. ਕਾਰਨਰ ਵੀ ਬਣਾਏ ਗਏ ਹਨ, ਜਿਥੇ ਕਿ ਓ.ਆਰ.ਐੱਸ. ਘੋਲ ਬਣਾਉਣ ਦੀ ਤਕਨੀਕ ਤੇ ਇਸ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਜੇਕਰ ਕਿਸੇ ਬੱਚੇ ਨੂੰ ਦਸਤ ਲੱਗੇ ਹਨ ਤਾਂ ਉਨ੍ਹਾਂ ਬੱਚਿਆ ਨੂੰ ਉਮਰ ਮੁਤਾਬਕ 14 ਦਿਨਾਂ ਲਈ ਜਿੰਕ ਦੀਆਂ ਗੋਲੀਆਂ ਵੀ ਦਿੱਤੀਆਂ ਜਾ ਰਹੀਆਂ ਹਨ, ਜੋ ਬੱਚਿਆਂ ਨੂੰ ਆਉਣ ਵਾਲੇ 3 ਮਹੀਨਿਆਂ ਤੱਕ ਦੁਬਾਰਾ ਦਸਤਾਂ ਤੋਂ ਬਚਾਉਂਦੀਆਂ ਹਨ। ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਦੀ ਸਿਹਤ ਦੀ ਸੰਭਾਲ ਲਈ ਦਸਤ ਹੋਣ ’ਤੇ ਤੁਰੰਤ ਓ.ਆਰ.ਐੱਸ. ਅਤੇ ਜਿੰਕ ਦੀ ਗੋਲੀਆ ਦੀ ਵਰਤੋਂ ਕਰਨ ਅਤੇ ਲੋੜ ਪੈਣ ’ਤੇ ਸਰਕਾਰੀ ਸਿਹਤ ਸੰਸਥਾ ਤੋਂ ਮੁਫ਼ਤ ਇਲਾਜ ਪ੍ਰਾਪਤ ਕਰਨ। ਇਸ ਮੌਕੇ ਡਾ. ਲਖਬੀਰ ਕੌਰ ਜ਼ਿਲ੍ਹਾ ਟੀਕਾਰਕਨ ਅਫ਼ਸਰ, ਸਰਬਜੀਤ ਸਿੰਘ ਜ਼ਿਲ੍ਹਾ ਕੋਲਡ ਚੇਨ ਅਫ਼ਸਰ, ਪਵਿੱਤਰ ਸਿੰਘ ਐੱਮ.ਐੱਲ.ਟੀ., ਗੁਰਪ੍ਰੀਤ ਸਿੰਘ ਤੇ ਜ਼ਿਲ੍ਹੇ ਦਾ ਫ਼ੀਲਡ ਸਟਾਫ਼ ਮੈਂਬਰ ਵੀ ਹਾਜ਼ਰ ਸਨ।