ਫ਼ਰੀਦਕੋਟ, 13 ਜੁਲਾਈ (ਸਰਬਜੀਤ ਸਿੰਘ)-ਪਿਛਲੇ ਲਗਪਗ ਦੋ ਮਹੀਨਿਆਂ ਤੋਂ ਫ਼ਰੀਦਕੋਟ ਸ਼ਹਿਰ ਵਿਚ ਕੂੜੇ ਦੇ ਢੇਰ ਲੱਗੇ ਹੋਏ ਹਨ। ਨਾਲੇ-ਨਾਲੀਆਂ ’ਚ ਕੂੜਾ ਭਰਨ ਕਾਰਨ ਗੰਦਾ ਪਾਣੀ ਗਲੀਆਂ ਤੇ ਸੜਕਾਂ ’ਤੇ ਆ ਗਿਆ ਹੈ। ਕੂੜਾ ਡੰਪ ਤਾਂ ਭਰੇ ਹਨ ਮੁਹੱਲਿਆਂ ਵਿਚ ਵੀ ਕੂੜੇ ਦੇ ਵੱਡੇ ਵੱਡੇ ਅੰਬਾਰ ਲੱਗੇ ਹੋਏ ਹਨ। ਕਿਸੇ ਵੀ ਪਾਸੇ ਤੋਂ ਲੰਘੋ ਤਾਂ ਗੰਦਗੀ ਅਤੇ ਗੰਦੀ ਬਦਬੋ ਹੀ ਸੁੰਘਣ ਨੂੰ ਮਿਲਦੀ ਹੈ। ਸਿਹਤ ਵਿਭਾਗ ਵੀ ਸੁੱਤਾ ਨਜ਼ਰ ਆ ਰਿਹਾ ਹੈ। ਸ਼ਹਿਰ ਵਿਚ ਮਹਾਂਮਾਰੀ ਫ਼ੈਲਣ ਦੇ ਆਸਾਰ ਨਜ਼ਰ ਆ ਰਹੇ ਹਨ। ਪ੍ਰਸ਼ਾਸਨ ਤੇ ਸਰਕਾਰ ਦੇ ਕੰਨ੍ਹ ’ਤੇ ਜੂੰ ਨਹੀਂ ਸਰਕਦੀ। ਲੋਕਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਵਲੋਂ ਅਜੇ ਤੱਕ ਇਕ ਵੀ ਬਿਆਨ ਲੋਕਾਂ ਲਈ ਜਾਰੀ ਨਹੀਂ ਕੀਤਾ। ਲੋਕਾਂ ਦਾ ਰਹਿਣਾ ਔਖਾ ਹੋਇਆ ਪਿਆ ਹੈ। ਸਫ਼ਾਈ ਸੇਵਕਾਂ ਦੀ ਲਗਾਤਾਰ ਚਲ ਰਹੀ ਹੜਤਾਲ ਕਾਰਨ ਕੂੜਾ ਨਾ ਚੁੱਕੇ ਜਾਣ ਕਾਰਨ ਸ਼ਹਿਰ ਦਾ ਇਹ ਮੰਦਾ ਹਾਲ ਹੋਇਆ ਹੈ। ਦੂਜੇ ਪਾਸੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਤੇ ਮਿਉਂਸੀਪਲ ਮੁਲਾਜ਼ਮ ਐਕਸਨ ਕਮੇਟੀ ਦੇ ਸੱਦੇ ’ਤੇ ਹੜਤਾਲ ਦੇ ਦੂਜੇ ਪੜਾਅ ਤਹਿਤ ਸਫ਼ਾਈ ਕਾਮਿਆਂ ਦੀ ਹੜਤਾਲ ਛੇਵੇਂ ਦਿਨ ਵੀ ਜਾਰੀ ਰਹੀ ਅਤੇ ਸਮੂਹ ਸਫ਼ਾਈ ਸੇਵਕਾਂ ਵਲੋਂ ਵਿੱਕੀ ਪ੍ਰਧਾਨ ਦੀ ਅਗਵਾਈ ਵਿਚ ਨਗਰ ਕੌਂਸਲ ਦੇ ਦਫ਼ਤਰ ਅੱਗੇ ਆਪਣੀਆਂ ਹੱਕੀ ਤੇ ਜਾਇਜ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਵਿੱਕੀ ਪ੍ਰਧਾਨ, ਸੰਤ ਰਾਮ ਪ੍ਰਧਾਨ, ਕੁਲਦੀਪ ਸ਼ਰਮਾ ਮੁੱਖ ਸਲਾਹਾਕਾਰ ਨੇ ਦੱਸਿਆ ਕਿ ਪਹਿਲਾਂ ਮਈ ਵਿਚ 16 ਦਿਨ ਹੜਤਾਲ ਚਲੀ ਸੀ ਅਤੇ ਸਰਕਾਰ ਵਲੋਂ ਇਕ ਮਹੀਨੇ ਦਾ ਸਮਾਂ ਲਿਆ ਸੀ ਮੰਗਾਂ ਦੀ ਪ੍ਰਚਲੋਲ ਕਰਨ ਦਾ। ਜਿਸ ਵਿਚ ਪੰਜਾਬ ਸਰਕਾਰ ਤੇ ਸਫਾਈ ਸੇਵਕ ਯੂਨੀਅਨ ਪੰਜਾਬ ਵਿਚਕਾਰ ਸਫਾਈ ਕਾਮਿਆਂ, ਸੀਵਰਮੈਨਾ, ਮਾਲੀ, ਚੌਂਕੀਦਾਰ, ਇਲੈਕਟਿ੍ਰਸ਼ਨ, ਫ਼ਾਇਰਮੈਨਾ ਦੀਆਂ ਮੰਗਾਂ ਸਬੰਧੀ ਲਗਾਤਾਰ ਮੀਟਿੰਗਾਂ ਹੋਈਆਂ ਤੇ ਸਰਕਾਰ ਵਲੋਂ ਯੂਨੀਅਨ ਤੋ 20 ਦਿਨ ਦਾ ਸਮਾਂ ਮੰਗਿਆ ਗਿਆ ਯੂਨੀਅਨ ਵਲੋਂ ਇਕ ਮਹੀਨੇ ਦੇ ਸਮਾਂ ਦਿੱਤਾ ਗਿਆ ਪ੍ਰੰਤੂ ਫਿਰ ਵੀ ਮੰਗਾਂ ਸੰਬੰਧੀ ਕੋਈ ਨੋਟੀਫਿਕੇਸ਼ਨ ਜਾਰੀ ਨਾ ਕਰਨ ’ਤੇ ਯੂਨੀਅਨ ਵਲੋਂ 8 ਜੁਲਾਈ ਤੋਂ ਮੁੜ ਪੰਜਾਬ ਭਰ ਵਿਚ ਅਣਮਿੱਥੇ ਸਮੇਂ ਹੜਤਾਲ ਦਾ ਬਿਗਲ ਵਜਾਇਆ। ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਹੱਕੀ ਤੇ ਜਾਇਜ ਮੰਗਾਂ ਨੂੰ ਜਲਦੀ ਨਹੀਂ ਮੰਨਦੀ ਤਾਂ ਨਵੀ ਰੂਪ ਰੇਖਾ ਤਿਆਰ ਕਰਦੇ ਹੋਏ ਪੰਜਾਬ ਭਰ ਵਿਚ ਵਿਧਾਇਕਾਂ ਤੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਜਿਸਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਧਰਨੇ ਨੂੰ ਅਸ਼ੋਕ ਸਾਰਵਾਨ ਸੂਬਾ ਪ੍ਰਧਾਨ, ਰਮੇਸ਼ ਕੁਮਾਰ ਨਿਨੂੰ ਖਜ਼ਾਨਚੀ, ਕੁਲਦੀਪ ਕੁਮਾਰ ਜਥੇਬੰਧਕ ਸਕੱਤਰ, ਰਾਹੁਲ ਖਜ਼ਾਨਚੀ, ਨਿਸ਼ਾਨ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਆਦਿ ਨੇ ਸੰਬੋਧਨ ਕੀਤਾ।
ਸਫ਼ਾਈ ਸੇਵਕਾਂ ਦੀ ਹੜਤਾਲ ਛੇਵੇਂ ਦਿਨ ਵੀ ਜਾ ਰਹੀ ਦੋ ਮਹੀਨਿਆਂ ਤੋਂ ਲੱਗੇ ਕੂੜੇ ਦੇ ਢੇਰਾਂ ਤੋਂ ਲੋਕ ਪ੍ਰੇਸ਼ਾਨ
ਅਜੀਤ ਡੈਸਕ
14-07-2026