ਸ੍ਰੀ ਮੁਕਤਸਰ ਸਾਹਿਬ, 13 ਜੁਲਾਈ (ਰਣਜੀਤ ਸਿੰਘ ਢਿੱਲੋਂ)-ਭਾਈ ਮਹਾਂ ਸਿੰਘ ਦੀਵਾਨ ਹਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਵੱਡੀ ਸਕਰੀਨ ’ਤੇ ‘ਸਤਲੁਜ’ ਫ਼ਿਲਮ ਦਿਖਾਈ ਗਈ। ਫ਼ਿਲਮ ਨੂੰ ਵੇਖਣ ਲਈ ਵੱਡੀ ਗਿਣਤੀ ਵਿਚ ਸੰਗਤ ਪਹੁੰਚੀ। ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਸਤਿਕਾਰ ਕਮੇਟੀ, ਵਿਗਾਸ ਫਾਊਂਡੇਸ਼ਨ, ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਸ੍ਰੀ ਹੇਮਕੁੰਟ ਸੇਵਾ ਸੁਸਾਇਟੀ, ਹਰਿਜਸ ਕੀਰਤਨ ਵਿਦਿਆਲਿਆ ਵਲੋਂ ਸਾਂਝੇ ਤੌਰ ’ਤੇ ‘ਸਤਲੁਜ’ ਫ਼ਿਲਮ ਵਿਖਾਉਣ ਦਾ ਉਪਰਾਲਾ ਕੀਤਾ ਗਿਆ। ਸਕਰੀਨ ’ਤੇ ਫ਼ਿਲਮ ਦੀ ਸ਼ੁਰੂਆਤ ਤੋਂ ਪਹਿਲਾਂ ਵਿਗਾਸ ਫਾਊਂਡੇਸ਼ਨ ਦੇ ਮੁੱਖ ਸੇਵਾਦਾਰ ਭਾਈ ਹਰਪ੍ਰੀਤ ਸ਼ਹਿਬਾਜ ਸਿੰਘ ਨੇ ਕਿਹਾ ਕਿ ਦਿਲਜੀਤ ਦੁਸਾਂਝ ਵਲੋਂ ਮਿਹਨਤ ਕਰਕੇ ਪੰਜਾਬ ਵਿਚ ਵਾਪਰੇ ਦੁਖਾਂਤ ਸੰਬੰਧੀ ਇਸ ਫ਼ਿਲਮ ਵਿਚ ਦਰਸਾਇਆ ਗਿਆ। ਅਣਪਛਾਤੀਆਂ ਲਾਸ਼ਾਂ ਦੀ ਸ਼ਨਾਖ਼ਤ ਲਈ ਜਸਵੰਤ ਸਿੰਘ ਖਾਲੜਾ ਵਲੋਂ ਕੀਤੀ ਗਈ ਮਿਹਨਤ ਤੇ ਚੁੱਕੇ ਗਏ ਕਦਮਾਂ ਬਾਰੇ ਦੱਸਿਆ ਗਿਆ ਹੈ। ਉਨ੍ਹਾਂ ਇਸ ਫ਼ਿਲਮ ’ਤੇ ਕੇਂਦਰ ਸਰਕਾਰ ਵਲੋਂ ਪਾਬੰਦੀ ਲਾਉਣ ਦੀ ਸਖ਼ਤ ਨਿਖੇਧੀ ਕੀਤੀ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਗਬੀਰ ਸਿੰਘ ਵਲੋਂ ਵੀ ਵਿਚਾਰ ਪ੍ਰਗਟ ਕਰਦਿਆਂ ਕਿਹਾ ਗਿਆ ਕਿ ਮਨੁੱਖੀ ਅਧਿਕਾਰ ਕਾਰਕੁੰਨ ਵਜੋਂ ਜਸਵੰਤ ਸਿੰਘ ਖਾਲੜਾ ਨੇ ਭੂਮਿਕਾ ਨਿਭਾ ਕੇ ਵੱਖ-ਵੱਖ ਪਰਿਵਾਰਾਂ ਨੂੰ ਮਿਲਣ ਤੋਂ ਇਲਾਵਾ ਅਣਪਛਾਤੀਆਂ ਲਾਸ਼ਾਂ ਸੰਬੰਧੀ ਰਿਕਾਰਡ ਇਕੱਠਾ ਕੀਤਾ। ਦਿਲਜੀਤ ਦੁਸਾਂਝ ਅਤੇ ਫ਼ਿਲਮੀ ਟੀਮ ਵਲੋਂ ਵਾਪਰੀਆਂ ਘਟਨਾਵਾਂ ਨੂੰ ਫ਼ਿਲਮੀ ਪਰਦੇ ਰਾਹੀਂ ਰੂਪਮਾਨ ਕੀਤਾ ਗਿਆ ਹੈ ਤਾਂ ਜੋ ਉਸ ਸਮੇਂ ਵਾਪਰੀ ਘਟਨਾਕ੍ਰਮ ਨੂੰ ਲੋਕਾਂ ਸਾਹਮਣੇ ਰੱਖਿਆ ਜਾ ਸਕੇ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨਿਰਮਲਜੀਤ ਸਿੰਘ ਕੋਲਿਆਂਵਾਲੀ, ਮੀਤ ਮੈਨੇਜਰ ਸੁਖਦੇਵ ਸਿੰਘ ਮੋਹਲਾਂ, ਸਾਬਕਾ ਮੈਨੇਜਰ ਸੁਮੇਰ ਸਿੰਘ ਬਾਦੀਆਂ, ਭਾਈ ਗੁਰਮੇਲ ਸਿੰਘ, ਬਿਕਰਮਜੀਤ ਸਿੰਘ ਖ਼ਾਲਸਾ, ਜਸਵੀਰ ਸਿੰਘ ਖ਼ਾਲਸਾ, ਸੁਰਿੰਦਰ ਸਿੰਘ ਗਰੋਵਰ, ਰਾਜਵੀਰ ਸਿੰਘ ਬਿੱਟਾ ਗਿੱਲ ਕੌਂਸਲਰ, ਹੋਰ ਪ੍ਰਬੰਧਕ ਸੁਸਾਇਟੀਆਂ ਤੇ ਸੰਸਥਾਵਾਂ ਦੇ ਅਹੁਦੇਦਾਰ ਤੇ ਮੈਂਬਰ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਵੱਡੀ ਸਕਰੀਨ ’ਤੇ ‘ਸਤਲੁਜ’ ਫ਼ਿਲਮ ਵਿਖਾਈ
ਅਜੀਤ ਡੈਸਕ
14-07-2026