ਰੁਪਾਣਾ, 13 ਜੁਲਾਈ (ਜਗਜੀਤ ਸਿੰਘ)-ਲੋਕ ਮਿਲਣੀ ਪ੍ਰੋਗਰਾਮ ਅਧੀਨ ਅੱਜ ਹਲਕਾ ਮਲੋਟ ਦੀ ਵਿਧਾਇਕਾ ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਪਿੰਡ ਨਵਾਂ ਰੁਪਾਣਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਲਾਗੂ ਕਰਕੇ ਸਰਕਾਰ ਨੇ ਆਪਣੀ ਆਖ਼ਰੀ ਗਾਰੰਟੀ ਵੀ ਪੂਰੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਸਿਹਤ, ਸਿੱਖਿਆ, ਬਿਜਲੀ, ਖੇਤੀਬਾੜੀ ਤੇ ਸਮਾਜਿਕ ਭਲਾਈ ਦੇ ਖੇਤਰ ਵਿਚ ਵਿਚ ਕਈ ਲੋਕ ਪੱਖੀ ਫ਼ੈਸਲੇ ਲਾਗੂ ਕੀਤੇ ਹਨ। ਇਸ ਉਪਰੰਤ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣਨ ਦਾ ਕੰਮ ਸ਼ੁਰੂ ਕੀਤਾ ਸੀ ਕਿ ਪਿੰਡ ਦੇ ਕੁਝ ਲੋਕਾਂ ਵਲੋਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਗਿਆ ਅਤੇ ਪਿੰਡ ਦੇ ਵਿਕਾਸ ਦੇ ਕੰਮ ਕੋਈ ਪੂਰੇ ਨਹੀਂ ਹੋਏ। ਇਸ ਕਰਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੂੰ ਨਾਮੋਸ਼ੀ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਕਿਹਾ ਕਿ ਮੌਜੂਦਾ ਪੰਚਾਇਤ ਵਿਚ ਆਪਸੀ ਤਾਲਮੇਲ ਨਹੀਂ ਹੈ, ਜਿਸ ਕਰਕੇ ਫਿਰਨੀ, ਗਲੀਆਂ ਨਾਲੀਆਂ, ਸਟਰੀਟ ਲਾਈਟਾਂ ਆਦਿ ਕੰਮ ਅਧੂਰੇ ਪਏ ਹਨ। ਡਾ. ਬਲਜੀਤ ਕੌਰ ਨੇ ਹਾਜ਼ਰ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਲਦੀ ਪੰਚਾਇਤ ਮੈਂਬਰਾਂ ਨਾਲ ਆਪਸੀ ਮੀਟਿੰਗ ਕਰਕੇ ਵਿਕਾਸ ਦੇ ਕੰਮ ਜਲਦੀ ਪੂਰੇ ਕੀਤੇ ਜਾਣਗੇ। ਇਸ ਮੌਕੇ ਸਰਪੰਚ ਸਿਮਰਨ ਕੌਰ, ਟੀਕੂ ਬਰਾੜ, ਸਰਦੂਲ ਸਿੰਘ ਪੰਚ, ਗੁਰਮੇਲ, ਗੁਰਮੀਤ ਸਿੰਘ ਪੰਚ, ਦਵਿੰਦਰ ਸਿੰਘ ਬਾਘਲਾ, ਬਲਾਕ ਸੰਮਤੀ ਮੈਂਬਰ ਅਜੈਬ ਸਿੰਘ, ਮਨਿੰਦਰ ਬਰਾੜ ਆਦਿ ਹਾਜ਼ਰ ਸਨ।
ਲੋਕ ਮਿਲਣੀ ਪ੍ਰੋਗਰਾਮ ਦੌਰਾਨ ਕੈਬਨਿਟ ਮੰਤਰੀ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਅਜੀਤ ਡੈਸਕ
14-07-2026