ਕੋਟਕਪੂਰਾ, 16 ਜੁਲਾਈ (ਮੇਘਰਾਜ)-ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਇਕਾਈ ਕੋਟਕਪੂਰਾ ਦੀ ਇਕ ਵਿਸ਼ੇਸ਼ ਮੀਟਿੰਗ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਜਥੇਬੰਦੀ ਨੂੰ ਮਜ਼ਬੂਤ ਬਣਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ’ਚ ਬੋਲਦਿਆਂ ਜਨਰਲ ਸਕੱਤਰ ਹਰਪ੍ਰੀਤ ਸਿੰਘ ਚਾਨਾ ਨੇ ਸਮੂਹ ਅਹੁਦੇਦਾਰਾਂ ਦੇ ਧਿਆਨ ’ਚ ਲਿਆਂਦਾ ਕਿ ਇਕਾਈ ਪ੍ਰਧਾਨ ਮੋਹਰ ਸਿੰਘ ਗਿੱਲ ਹੁਰਾਂ ਦੀ ਬੇਟੀ ਜਸ਼ਨਪ੍ਰੀਤ ਕੌਰ ਗਿੱਲ ਵਿੱਦਿਅਕ ਸ਼ੈਸ਼ਨ 2024-25 ’ਚ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ ਦਸਵੀਂ ਜਮਾਤ ਦੇ ਸਾਲਾਨਾ ਨਤੀਜੇ ’ਚ 650 ’ਚੋਂ 650 ਅੰਕ ਹਾਸਿਲ ਕਰਕੇ ਪੂਰੇ ਪੰਜਾਬ ਵਿਚੋਂ ਟੌਪਰ ਰਹੀ ਸੀ। ਇਸ ਖ਼ੁਸ਼ੀ ਭਰੇ ਮੌਕੇ ਬੱਚਿਆਂ ਦਾ ਉਤਸ਼ਾਹ ਵਧਾਉਣ ਦੀ ਲਈ ਟੌਪਰ ਵਿਦਿਆਰਥਣਾਂ ਅਕਸ਼ਨੂਰ ਕੌਰ ਅਤੇ ਜਸ਼ਨਪ੍ਰੀਤ ਕੌਰ ਗਿੱਲ ਦਾ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿਖੇ ਸਨਮਾਨ ਸਮਾਰੋਹ ਰੱਖਿਆ ਗਿਆ ਸੀ। ਇਸ ਸਨਮਾਨ ਸਮਾਰੋਹ ਦੀ ਮੇਜ਼ਬਾਨੀ ਵੀ ਜਰਨਲਿਸਟ ਯੁੂਨੀਅਨ ਦੀ ਕੋਟਕਪੂਰਾ ਇਕਾਈ ਵਲੋਂ ਕੀਤੀ ਗਈ ਸੀ। ਉਸ ਸਮੇਂ ਸਮਾਰੋਹ ਦੇ ਮੁੱਖ ਮਹਿਮਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜਸ਼ਨਪ੍ਰੀਤ ਕੌਰ ਗਿੱਲ ਨੂੰ 51 ਹਜ਼ਾਰ ਰੁਪਿਆ ਆਪਣੇ ਅਖ਼ਤਿਆਰੀ ਫ਼ੰਡ ’ਚੋਂ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਬੜੇ ਅਫ਼ਸੋਸ ਦੀ ਗੱਲ ਹੈ ਕਿ 14 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਸੰਧਵਾਂ ਹੁਰਾਂ ਵਲੋਂ ਐਲਾਨੀ ਗਈ ਰਾਸ਼ੀ ਅਜੇ ਤੱਕ ਪਰਿਵਾਰ ਨੂੰ ਨਹੀਂ ਮਿਲੀ। ਇਸ ਸਬੰਧੀ ਵੱਖ-ਵੱਖ ਅਹੁਦੇਦਾਰਾਂ ਨੇੇ ਆਪੋ-ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਸ ਰਾਸ਼ੀ ਦੀ ਪਰਿਵਾਰ ਵਲੋਂ ਕੋਈ ਮੰਗ ਨਹੀਂ ਕੀਤੀ ਗਈ ਸੀ। ਜੇਕਰ ਮੁੱਖ ਮਹਿਮਾਨ ਵਲੋਂ ਇਹ ਐਲਾਨ ਕਰ ਹੀ ਦਿੱਤਾ ਗਿਆ ਸੀ ਤਾਂ ਇਸ ਨੂੰ ਅਜੇ ਤੱਕ ਪੂਰਾ ਕਿਉਂ ਨਹੀਂ ਕੀਤਾ ਗਿਆ? ਇਸ ਸਬੰਧੀ ਜਥੇਬੰਦੀ ਦੇ ਚੇਅਰਮੈਨ ਗੁਰਿੰਦਰ ਸਿੰਘ ਮਹਿੰਦੀਰੱਤਾ ਹੁਰਾਂ ਦੀ ਸਪੀਕਰ ਸੰਧਵਾਂ ਤੱਕ ਸੁਨੇਹਾ ਪਹੁੰਚਾਉਣ ਦੀ ਜ਼ਿੰਮੇਵਾਰੀ ਲਗਾਈ ਗਈ। ਉਨ੍ਹਾਂ ਤੁਰੰਤ ਸਪੀਕਰ ਸੰਧਵਾਂ ਨਾਲ ਸੰਪਰਕ ਕਰਕੇ ਆਉਂਦੇ 10 ਦਿਨਾਂ ਬਾਅਦ ਅਗਲਾ ਪ੍ਰੋਗਰਾਮ ਉਲੀਕਣ ਪ੍ਰਤੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ’ਚ ਜਥੇਬੰਦੀ ਨੂੰ ਰਜਿ. ਕਰਵਾਉਣ ਅਤੇ ਇਸ ਦੇ ਨਾਮ ਸਬੰਧੀ ਸਬੰਧੀ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ। ਮੀਟਿੰਗ ’ਚ ਤਰਸੇਮ ਚਾਨਣਾ, ਸੁਰਜੀਤ ਸਿੰਘ ਕੰਡਾ, ਹੁੁਕਮ ਚੰਦ ਬੀ.ਏ, ਸੁਰਿੰਦਰ ਦਮਦਮੀ, ਚੰਦਰ ਗਰਗ, ਗੁਰਮੀਤ ਫ਼ੋਟੋਜੈਨਿਕ, ਗੁਰਮੀਤ ਸਿੰਘ ਮੀਤਾ, ਰਾਹੁਲ ਸਿੰਗਲਾ, ਰਘਬੀਰ ਸਿੰਘ ਬਰਾੜ, ਗੁਰਪ੍ਰੀਤ ਸਿੰਘ ਮੱਕੜ, ਮੋਹਰ ਸਿੰਘ ਗਿੱਲ, ਮਨਵਰ ਲਾਲ ਸ਼ਰਮਾ, ਡਾ. ਰਣਜੀਤ ਸਿੰਘ ਸਿੱਧੂ ਨੇ ਹਿੱਸਾ ਲਿਆ।
ਪੰਜਾਬ ਐਂਡ ਚੰਡੀਗੜ ਜਰਨਲਿਸਟ ਯੂਨੀਅਨ ਦੀ ਮੀਟਿੰਗ
ਅਜੀਤ ਡੈਸਕ
17-07-2026