ਫ਼ਰੀਦਕੋਟ, 16 ਜੁਲਾਈ (ਜਸਵੰਤ ਸਿੰਘ ਪੁਰਬਾ)-ਅੱਜ ਕਿਰਤੀ ਕਿਸਾਨ ਯੂਨੀਅਨ ਵਲੋਂ ਕਿਸਾਨ ਹਿੰਮਤ ਸਿੰਘ ਪਿੰਡ ਝੋਟੀਵਾਲਾ (ਫ਼ਰੀਦਕੋਟ) ਦੀ ਜ਼ਮੀਨ ’ਤੇ ਭਾਰੀ ਇਕੱਠ ਕਰਕੇ ਚੌਥੀ ਵਾਰ ਕਬਜ਼ਾ ਵਾਰੰਟ ਤਹਿਤ ਆੜ੍ਹਤੀਏ ਨੂੰ ਕਿਸਾਨ ਦੀ ਜ਼ਮੀਨ ’ਤੇ ਕਾਬਜ਼ ਨਹੀਂ ਹੋਣ ਦਿੱਤਾ ਗਿਆ। ਕਬਜ਼ਾ ਵਾਰੰਟ ਤਹਿਤ ਅੱਜ ਕਿਸਾਨ ਹਿੰਮਤ ਸਿੰਘ ਦੀ ਜ਼ਮੀਨ ਆੜ੍ਹਤੀਏ ਨੂੰ ਕਬਜ਼ਾਈ ਜਾਣੀ ਸੀ ਪਰ ਜਥੇਬੰਦੀ ਦੇ ਵਿਰੋਧ ਦੇ ਚੱਲਦਿਆਂ ਪ੍ਰਸ਼ਾਸਨ ਕਬਜ਼ਾ ਦਿਵਾਉਣ ਨਹੀਂ ਆਇਆ। ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਗੁਰਮੀਤ ਸਿੰਘ ਸੰਗਰਾਹੂਰ ਨੇ ਦੱਸਿਆ ਕਿ ਪਿੰਡ ਦੇ ਆੜ੍ਹਤੀਏ ਵਲੋਂ ਕਿਸਾਨ ਨੂੰ 11 ਲੱਖ ਰੁਪਏ ਦਿੱਤਾ ਗਿਆ ਸੀ ਜਿਸ ਵਿਚੋਂ 5 ਲੱਖ ਰੁਪਏ ਕਿਸਾਨ ਹਿੰਮਤ ਸਿੰਘ ਨੇ ਆੜ੍ਹਤੀਏ ਨੂੰ ਵਾਪਸ ਕਰ ਦਿੱਤਾ ਅਤੇ ਬਾਕੀ ਰਕਮ ਵੀ ਵਾਪਸ ਕਰਨ ਨੂੰ ਤਿਆਰ ਸੀ ਪਰ ਆੜਤੀਏ ਨੇ ਪੈਸੇ ਦੇਣ ਵੇਲੇ ਜੋ ਜ਼ਮੀਨ ਲਿਖਾਈ ਸੀ ਉਸ ਨੂੰ ਕਾਨੂੰਨੀ ਤਰੀਕੇ ਨਾਲ ਅਦਾਲਤ ਵਿਚ ਲਿਜਾ ਕੇ ਕੇਸ ਜਿੱਤ ਲਿਆ ਅਤੇ ਹੁਣ ਉਸਦੀ ਜ਼ਮੀਨ ਉੱਪਰ ਕਬਜ਼ਾ ਕਰਨਾ ਚਾਹੁੰਦਾ ਹੈ ਜਿਸ ਨੂੰ ਜਥੇਬੰਦੀ ਧੋਖਾਧੜੀ ਮੰਨਦੇ ਹੋਏ ਲਾਗੂ ਨਹੀਂ ਹੋਣ ਦੇਵੇਗੀ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਕਿੰਗਰਾ ਨੇ ਦੱਸਿਆ ਕਿ ਕਿਸਾਨ ਹਿੰਮਤ ਸਿੰਘ ਬਣਦੇ ਪੈਸੇ ਮੋੜਨ ਨੂੰ ਤਿਆਰ ਹੈ ਪਰ ਪਿੰਡ ਦਾ ਧਨਾਢ ਉਸਦੀ ਜ਼ਮੀਨ ਹੜਪਣਾ ਚਾਹੁੰਦਾ ਹੈ ਜੋ ਕਿਸੇ ਹਾਲ ਵਿਚ ਸੰਭਵ ਨਹੀਂ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਇਸ ਤਰ੍ਹਾਂ ਹੀ ਕਿਸਾਨ ਨੂੰ ਤੰਗ ਕੀਤਾ ਤਾਂ ਆਉਣ ਵਾਲੇ ਦਿਨਾਂ ਵਿਚ ਵੱਡਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਜਨਰਲ ਸਕੱਤਰ ਕਿਰਤੀ ਕਿਸਾਨ ਯੂਨੀਅਨ ਨੇ ਕਿਹਾ ਕਿ ਛੋਟੇ ਕਿਸਾਨਾਂ ਦੀ ਜ਼ਮੀਨ ਲਈ ਉਹ ਹਮੇਸ਼ਾ ਸੰਘਰਸ਼ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਮੁਲਕ ਦਾ ਰਾਜ ਪ੍ਰਬੰਧ ਪ੍ਰਤੀ ਪੂਰੀ ਤਰ੍ਹਾਂ ਧਨਾਡਾਂ ਦੇ ਪੱਖੀ ਹੈ। ਉਸੇ ਤਹਿਤ ਹੀ ਕਿਸਾਨ ਹਿੰਮਤ ਸਿੰਘ ਦੀ ਗੱਲ ਕਿਸੇ ਪਾਸੇ ਨਹੀਂ ਸੁਣੀ ਗਈ ਅਤੇ ਧਨਾਢ ਆੜਤੀਏ ਦਾ ਹੀ ਸਾਰੇ ਪਾਸੇ ਪੱਖ ਪੂਰਿਆ ਗਿਆ। ਉਨ੍ਹਾਂ ਕਿਹਾ ਕਿ ਉਸ ਗਰੀਬ ਕਿਸਾਨ ਦੇ ਕੋਲ 10 ਕਨਾਲ ਜ਼ਮੀਨ ਹੈ, ਉਸਦੇ ਵਿਚ ਹੀ ਉਸਦਾ ਰਿਹਾਇਸ਼ੀ ਘਰ ਹੈ ਅਤੇ ਉਸ ਤੋਂ ਜ਼ਮੀਨ ਦਾ ਕਬਜ਼ਾ ਖੋਹਣ ਦਾ ਮਤਲਬ ਉਸਨੂੰ ਬੇਜ਼ਮੀਨਾ ਤੇ ਬੇਘਰ ਕਰਨਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਉਜਾੜਾ ਜਥੇਬੰਦੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗੀ ਅਤੇ ਇਹ ਜ਼ਮੀਨ ਦੇ ਲਈ ਜੋ ਵੀ ਕੁਝ ਕਰਨਾ ਪਿਆ ਕਰਨਗੇ ਅਤੇ ਇਸਦੇ ਜੋ ਵੀ ਸਿੱਟੇ ਨਿਕਲਣਗੇ ਉਸ ਲਈ ਫ਼ਰੀਦਕੋਟ ਪ੍ਰਸ਼ਾਸਨ ਅਤੇ ਉਹ ਧਨਾੜ ਆੜਤੀਆ ਜ਼ਿੰਮੇਵਾਰ ਹੋਣਗੇ।
ਝੋਟੀਵਾਲਾ ਦੇ ਗਰੀਬ ਕਿਸਾਨ ਦੀ ਜ਼ਮੀਨ ਦਾ ਚੌਥੀ ਵਾਰ ਕਬਜ਼ਾ ਵਾਰੰਟ ਲਾਗੂ ਨਹੀਂ ਹੋਇਆ ਕਿਰਤੀ ਕਿਸਾਨ ਯੂਨੀਅਨ ਵਲੋਂ ਜ਼ਮੀਨ ਕਿਸੇ ਵੀ ਕੀਮਤ ’ਤੇ ਨਾ ਦੇਣ ਦਾ ਐਲਾਨ
ਅਜੀਤ ਡੈਸਕ
17-07-2026