ਬਾਜਾਖਾਨਾ, 16 ਜੁਲਾਈ (ਜੀਵਨ ਗਰਗ)-ਸਫ਼ਾਈ ਸੇਵਕ ਸ਼ਹਿਰਾਂ ਦੀ ਸਫ਼ਾਈ ਰੱਖਣ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ, ਜੋ ਆਪਣੀ ਜ਼ਿੰਦਗੀ ਨੂੰ ਜ਼ੋਖਮ ’ਚ ਪਾ ਕੇ ਸ਼ਹਿਰਾਂ ਦੀ ਸਫ਼ਾਈ ਕਰਕੇ ਇੱਥੇ ਭਿਆਨਕ ਬਿਮਾਰੀਆਂ ਫ਼ੈਲਣ ਤੋਂ ਰੋਕਣ ਲਈ ਸਖ਼ਤ ਮਿਹਨਤ ਕਰਦੇ ਹਨ ਪ੍ਰੰਤੂ ਉਹ ਆਪ ਬਹੁਤ ਹੀ ਗਰੀਬੀ ਤੇ ਤਰਸਯੋਗ ਜ਼ਿੰਦਗੀ ਜਿਉਂਦੇ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਅਣਗੌਲਿਆ ਕੀਤਾ ਹੋਇਆ। ਜਿਸ ਕਰਕੇ ਉਨ੍ਹਾਂ ਨੂੰ ਵਾਰ-ਵਾਰ ਹੜਤਾਲ ਕਰਕੇ ਸਰਕਾਰ ਵਿਰੁੱਧ ਸੰਘਰਸ਼ ਕਰਨਾ ਪੈ ਰਿਹਾ ਹੈ। ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰਾਂ ’ਚ ਗੰਦਗੀ ਦੇ ਢੇਰ ਪਏ ਆਮ ਦੇਖੇ ਜਾ ਸਕਦੇ ਹਨ। ਇਨ੍ਹਾਂ ਗੰਦਗੀ ਦੇ ਢੇਰਾਂ ਕਾਰਨ ਸ਼ਹਿਰ ਨਿਵਾਸੀਆਂ ਅਤੇ ਆਮ ਲੋਕਾਂ ਦਾ ਜਿਊਣਾ ਮੁਹਾਲ ਹੋ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਨੇ ਬਾਜਾਖਾਨਾ ਵਿਖੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਬੇਲੋੜੀ ਇਸ਼ਤਿਹਾਰਬਾਜ਼ੀ ਅਤੇ ਆਪਣੇ ਮੰਤਰੀਆਂ ਵਿਧਾਇਕ ਦੇ ਬੇਲੋੜੇ ਖਰਚ ’ਤੇ ਰੋਕ ਲਗਾ ਕੇ ਸਫ਼ਾਈ ਸੇਵਕਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰੇ ਅਤੇ ਪਿਛਲੇ ਸਮੇਂ ਜਿਹੜੇ ਭਰੋਸੇ ਹੜਤਾਲ ਖਤਮ ਕਰਵਾਈ ਸੀ ਉਸ ਨੂੰ ਤੁਰੰਤ ਲਾਗੂ ਕਰੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਫ਼ਾਈ ਸੇਵਕਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਕਰਦੀ ਹੈ ਤੇ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਉਹ ਸਫ਼ਾਈ ਸੇਵਕਾਂ ਦੀਆਂ ਹੱਕੀ ਮੰਗਾਂ ਤੁਰੰਤ ਪ੍ਰਵਾਨ ਕਰੇ ਤਾਂ ਕਿ ਸ਼ਹਿਰਾਂ ’ਚ ਪਏ ਗੰਦਗੀ ਦੇ ਢੇਰਾਂ ਕਾਰਨ ਫ਼ੈਲਣ ਵਾਲੀਆਂ ਭਿਆਨਕ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ। ਇਸ ਮੌਕੇ ਸ਼ਿੰਦਰ ਸਿੰਘ ਸਾਬਕਾ ਸਰਪੰਚ ਡੋਡ, ਸਾਬਕਾ ਸਰਪੰਚ ਭੁਪਿੰਦਰ ਸਿੰਘ ਮੱਲਾ, ਸਾਬਕਾ ਸਰਪੰਚ ਹਰਨੇਕ ਸਿੰਘ ਮੱਲਾ, ਜਗਜੀਤ ਸਿੰਘ ਪ੍ਰਧਾਨ, ਸਾਬਕਾ ਸਰਪੰਚ ਲਛਮਣ ਸਿੰਘ ਬਾਜਾਖਾਨਾ, ਪਰਮਜੀਤ ਸਿੰਘ ਢਿੱਲੋਂ, ਰਾਮ ਸਿੰਘ ਬਰਾੜ, ਸਾਬਕਾ ਬਲਾਕ ਸੰਮਤੀ ਮੈਂਬਰ ਭਗਤ ਸਿੰਘ ਚਹਿਲ, ਡਾ. ਸਰਜਾ ਸਿੰਘ ਪੰਚ, ਡਾ. ਸੁਖਦੇਵ ਸਿੰਘ ਰੋਮਾਣਾ, ਚਮਕੌਰ ਸਿੰਘ ਘਣੀਆਂ, ਗੁਰਮੇਲ ਸਿੰਘ ਮੱਲਾ, ਸਾਬਕਾ ਸਰਪੰਚ ਲਛਮਣ ਸਿੰਘ ਲੰਭਵਾਲੀ ਆਦਿ ਹਾਜ਼ਰ ਸਨ।