ਫ਼ਰੀਦਕੋਟ, 18 ਜੁਲਾਈ (ਸਰਬਜੀਤ ਸਿੰਘ)–ਥਾਣਾ ਸਦਰ ਫ਼ਰੀਦਕੋਟ ਪੁਲਿਸ ਵਲੋਂ ਪਿੰਡ ਮੋਰਾਂਵਾਲੀ ਤੋਂ ਨਸ਼ੇ ਦੀਆਂ ਪਾਬੰਦੀਸ਼ੂਦਾ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਵਲੋਂ ਕਥਿਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪ੍ਰਾਪਤ ਸੂਚਨਾ ਅਨੁਸਾਰ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਇੰਚਾਰਜ ਪੁਲਿਸ ਚੌਂਕੀ ਕਲੇਰ ਨੇ ਦੱਸਿਆ ਕਿ ਉਹ ਹੋਰ ਪੁਲਿਸ ਮੁਲਾਜ਼ਮਾਂ ਸਮੇਤ ਸ਼ੱਕੀ ਪੁਰਸ਼ਾਂ ਸੰਬੰਧੀ ਪਿੰਡ ਮੋਰਾਂਵਾਲੀ ਪਹੁੰਚੇ ਤਾਂ ਨਹਿਰਾਂ ਵੱਲ ਦੀ ਆ ਰਹੇ ਇਕ ਵਿਅਕਤੀ ਜਗਜੀਤ ਸਿੰਘ ਉਰਫ਼ ਜੱਗੀ ਪੁੱਤਰ ਬੁੱਧ ਸਿੰਘ ਵਾਸੀ ਪਿੰਡ ਅਰਾਈਆਂਵਾਲਾ ਨੂੰ ਸ਼ੱਕ ਆਧਾਰ ’ਤੇ ਕਾਬੂ ਕਰਕੇ ਉਸ ਪਾਸੋਂ ਕਥਿਤ ਤੌਰ ’ਤੇ 23 ਨਸ਼ੇ ਦੀਆਂ ਪਾਬੰਦੀਸ਼ੁਦਾ ਚਿੱਟੇ ਰੰਗ ਦੀਆਂ ਖੁੱਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ਕਰਕੇ ਉਸ ਖ਼ਿਲਾਫ਼ ਥਾਣਾ ਸਦਰ ਫ਼ਰੀਦਕੋਟ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।