ਖੇਡ ਮੁਕਾਬਲਿਆਂ ’ਚ ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ ਨੇ ਮਾਰੀਆਂ ਮੱਲਾਂ
ਕੋਟਕਪੂਰਾ, 16 ਅਗਸਤ (ਮੋਹਰ ਸਿੰਘ ਗਿੱਲ)-70ਵੇਂ ਸਕੂਲੀ ਜ਼ੋਨਲ ਪੱਧਰ ਦੇ ਖੇਡ ਮੁਕਾਬਲੇ ਕੋਟਕਪੂਰਾ ਜ਼ੋਨ ਵਿਚ ਕਰਵਾਏ ਗਏ। ਇਨ੍ਹਾਂ ਖੇਡ ਮੁਕਾਬਲਿਆਂ ਵਿਚ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਕੋਟਕਪੂਰਾ, 16 ਅਗਸਤ (ਮੋਹਰ ਸਿੰਘ ਗਿੱਲ)-70ਵੇਂ ਸਕੂਲੀ ਜ਼ੋਨਲ ਪੱਧਰ ਦੇ ਖੇਡ ਮੁਕਾਬਲੇ ਕੋਟਕਪੂਰਾ ਜ਼ੋਨ ਵਿਚ ਕਰਵਾਏ ਗਏ। ਇਨ੍ਹਾਂ ਖੇਡ ਮੁਕਾਬਲਿਆਂ ਵਿਚ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਖੇਡਾਂ ਵਿਚ ਕਈ ਤਮਗੇ ਅਤੇ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਲੜਕੀਆਂ ਦੇ ਵਰਗ ਵਿਚ ਸਕੂਲ ਨੇ ਵਿਸ਼ੇਸ਼ ਮੱਲਾਂ ਮਾਰੀਆਂ। ਬੈਡਮਿੰਟਨ ਅੰਡਰ-14 ਵਿਚ ਪਹਿਲਾ ਅਤੇ ਅੰਡਰ-17 ਵਿਚ ਦੂਜਾ ਸਥਾਨ, ਰੱਸਾ ਕਸੀ ਵਿਚ ਅੰਡਰ-14 ਅਤੇ ਅੰਡਰ-19 ਵਿਚ ਪਹਿਲਾ, ਜਦਕਿ ਅੰਡਰ-17 ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਹੈਂਡਬਾਲ ਅੰਡਰ-14 ਅਤੇ ਅੰਡਰ-17 ਵਿਚ ਪਹਿਲਾ ਸਥਾਨ ਅਤੇ ਬਾਸਕਟਬਾਲ ਅੰਡਰ-17 ਵਿਚ ਵੀ ਪਹਿਲਾ ਸਥਾਨ ਹਾਸਿਲ ਕਰਕੇ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਡਾ. ਜਸਵੀਰ ਸਿੰਘ ਸੰਧੂ ਅਤੇ ਪਿ੍ਰੰਸੀਪਲ ਡਾ. ਸੁਰਿੰਦਰ ਸਿੰਘ ਟੁਰਨਾ ਅਤੇ ਕੋਆਰਡੀਨੇਟਰਜ਼ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਕੋਚਾਂ ਤਰਨਜੀਤ ਸਿੰਘ, ਗੁਰਮਿੱਤਰ ਸਿੰਘ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿਚ ਅਨੁਸ਼ਾਸਨ, ਟੀਮ ਭਾਵਨਾ, ਆਤਮ-ਵਿਸ਼ਵਾਸ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਹੋਰ ਮਿਹਨਤ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।