ਗਿੱਦੜਬਾਹਾ ਵਿਚ ਬੇਰੋਕ-ਟੋਕ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਸ਼ਹਿਰ ਅੰਦਰਲਾ ਤੇ ਬਾਹਰੀ ਰਸਤਾ ਸੁੰਗੜਿਆ , ਟ੍ਰੈਫ਼ਿਕ ਵਿਵਸਥਾ ਹੋਈ ਡਾਵਾਂਡੋਲ
ਗਿੱਦੜਬਾਹਾ, 23 ਅਗਸਤ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਸ਼ਹਿਰ ਅੰਦਰ ਸਮੇਂ-ਸਮੇਂ ’ਤੇ ਨਾਜਾਇਜ਼ ਕਬਜ਼ਿਆਂ ਅਤੇ ਉਸਾਰੀਆਂ ਨੂੰ ਹਟਾਉਣ ਲਈ ਅਕਸਰ ਮੁਨਿਆਦੀ ਕਰਵਾਈ ਜਾਂਦੀ ਹੈ, ਪ੍ਰੰਤੂ ਲੰਮੇ ਸਮੇਂ ਤੋਂ ਸ਼ਹਿਰ ਅੰਦਰ ਧੜੱਲੇ ਨਾਲ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ਨੇ ਸਥਾਨਕ ਸਰਕਾਰਾਂ ਤੇ ਵਿਭਾਗ ਦੇ ਅਧਿਕਾਰੀਆਂ ਦੀ ਕਾਰਜ ਪ੍ਰਣਾਲੀ ’ਤੇ ਸਵਾਲੀਆ ਚਿੰਨ੍ਹ ਲੱਗ ਰਹੇ ਹਨ। ਨਾਜਾਇਜ਼ ਕਬਜ਼ਿਆਂ ਕਾਰਨ ਸ਼ਹਿਰ ਦਾ ਅੰਦਰਲਾ ਤੇ ਬਾਹਰੀ ਹਿੱਸਾ ਸੁੰਗੜਦਾ ਜਾ ਰਿਹਾ ਹੈ, ਜਿਸ ਨਾਲ ਟ੍ਰੈਫ਼ਿਕ ਵਿਵਸਥਾ ਨੂੰ ਸੁਧਾਰਨ ਵਿਚ ਪੈ ਰਹੇ ਵੱਡੇ ਵਿਘਨ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।
ਗਿੱਦੜਬਾਹਾ, 23 ਅਗਸਤ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਸ਼ਹਿਰ ਅੰਦਰ ਸਮੇਂ-ਸਮੇਂ ’ਤੇ ਨਾਜਾਇਜ਼ ਕਬਜ਼ਿਆਂ ਅਤੇ ਉਸਾਰੀਆਂ ਨੂੰ ਹਟਾਉਣ ਲਈ ਅਕਸਰ ਮੁਨਿਆਦੀ ਕਰਵਾਈ ਜਾਂਦੀ ਹੈ, ਪ੍ਰੰਤੂ ਲੰਮੇ ਸਮੇਂ ਤੋਂ ਸ਼ਹਿਰ ਅੰਦਰ ਧੜੱਲੇ ਨਾਲ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ਨੇ ਸਥਾਨਕ ਸਰਕਾਰਾਂ ਤੇ ਵਿਭਾਗ ਦੇ ਅਧਿਕਾਰੀਆਂ ਦੀ ਕਾਰਜ ਪ੍ਰਣਾਲੀ ’ਤੇ ਸਵਾਲੀਆ ਚਿੰਨ੍ਹ ਲੱਗ ਰਹੇ ਹਨ। ਨਾਜਾਇਜ਼ ਕਬਜ਼ਿਆਂ ਕਾਰਨ ਸ਼ਹਿਰ ਦਾ ਅੰਦਰਲਾ ਤੇ ਬਾਹਰੀ ਹਿੱਸਾ ਸੁੰਗੜਦਾ ਜਾ ਰਿਹਾ ਹੈ, ਜਿਸ ਨਾਲ ਟ੍ਰੈਫ਼ਿਕ ਵਿਵਸਥਾ ਨੂੰ ਸੁਧਾਰਨ ਵਿਚ ਪੈ ਰਹੇ ਵੱਡੇ ਵਿਘਨ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਗਿੱਦੜਬਾਹਾ ਸ਼ਹਿਰ ਅੰਦਰ ਕਈ ਦਹਾਕਿਆਂ ਤੋਂ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ। ਬੰਦ ਪਏ ਰਜਬਾਹਾ ਰੋਡ ’ਤੇ ਤਾਂ ਨਾਜਾਇਜ਼ ਉਸਾਰੀਆਂ ਕੀਤੀਆਂ ਹੋਈਆਂ ਹਨ। ਕਚਹਿਰੀ ਰੋਡ, ਭਾਰੂ ਰੋਡ, ਸਰਕੂਲਰ ਰੋਡ ਅਤੇ ਲੰਬੀ ਰੋਡ ’ਤੇ ਦੁਕਾਨਦਾਰਾਂ ਵਲੋਂ ਕੀਤੇ ਨਾਜਾਇਜ਼ ਕਬਜ਼ੇ ਸ਼ਹਿਰ ਦੀ ਖ਼ੂਬਸੂਰਤੀ ਨੂੰ ਗ੍ਰਹਿਣ ਲਗਾ ਰਹੇ ਹਨ। ਲੰਬੀ ਰੋਡ, ਰੇਲਵੇ ਸਟੇਸ਼ਨ ਦੇ ਬਾਹਰ ਦੁਕਾਨਦਾਰਾਂ ਵਲੋਂ ਸੜਕ ਦੀ 15 ਫ਼ੁੱਟ ਦੇ ਲਗਪਗ ਜਗ੍ਹਾ ਰੋਕ ਕੇ ਆਪਣਾ ਸਾਮਾਨ ਰੱਖਿਆ ਹੈ। ਬੱਸ ਅੱਡੇ ਅੰਦਰ ਤੇ ਪੁਰਾਣੀ ਸਬਜ਼ੀ ਮੰਡੀ ਵਿਚ ਦੁਕਾਨਦਾਰਾਂ ਵਲੋਂ ਬਰਾਂਡਿਆਂ ’ਤੇ ਕਈ ਦਹਾਕਿਆਂ ਤੋਂ ਕਬਜ਼ਾ ਜਮਾਇਆ ਹੈ। ਇਥੇ ਹੀ ਬੱਸ ਨਹੀਂ, ਸ਼ਹਿਰ ਦੀਆਂ ਕਈ ਗਲੀਆਂ ਵਿਚ ਪ੍ਰਸ਼ਾਸਨ ਦੀ ਬਿਨਾਂ ਮਨਜ਼ੂਰੀ ਤੋਂ ਦਰਵਾਜ਼ੇ ਅਤੇ ਯਾਦਗਾਰੀ ਗੇਟ ਲਗਾਏ ਗਏ ਹਨ। ਅਸਚਰਜ ਦੀ ਗੱਲ ਇਹ ਹੈ ਕਿ ਨਗਰ ਕੌਂਸਲ ਵਲੋਂ ਗਲੀਆਂ ਵਿਚ ਪਏ ਵੱਡੇ ਜਰਨੇਟਰ ਹਟਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਸੂਤਰਾਂ ਅਨੁਸਾਰ ਦੁਕਾਨਦਾਰਾਂ ਵਲੋਂ ਦੁਕਾਨਾਂ ਅੱਗੇ ਨਾਜਾਇਜ਼ ਖੜ੍ਹੀਆਂ ਕੀਤੀਆਂ ਜਾਂਦੀਆਂ ਰੇਹੜੀਆਂ ਵਾਲਿਆਂ ਤੋਂ ਰੋਜ਼ਾਨਾ ਕਿਰਾਇਆ ਵਸੂਲਿਆ ਜਾਂਦਾ ਹੈ। 6 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਸੀਵਰੇਜ ਪਾਈਪ ਪਾਉਣ ਦੇ ਕਾਰਜ ਕਾਰਨ ਸ਼ਹਿਰ ਅੰਦਰ ਇਕਤਰਫ਼ਾ ਆਵਾਜਾਈ ਠੱਪ ਦੇਖਦਿਆਂ ਪ੍ਰਸ਼ਾਸਨ ਵਲੋਂ ਆਵਾਜਾਈ ਵਿਚ ਵਿਘਨ ਪਾ ਰਹੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਨਹੀਂ ਗਿਆ, ਜਿਸ ਨਾਲ ਆਮ ਜਨਜੀਵਨ ਪ੍ਰਭਾਵਿਤ ਹੁੰਦਾ ਆ ਰਿਹਾ ਹੈ। ਨਾਜਾਇਜ਼ ਕਬਜ਼ਿਆਂ ਕਾਰਨ ਸੁੰਗੜੀਆਂ ਸੜਕਾਂ ’ਤੇ ਟ੍ਰੈਫ਼ਿਕ ਪੁਲਿਸ ਵਲੋਂ ਟ੍ਰੈਫ਼ਿਕ ਨੂੰ ਸਾਂਭਣ ਲਈ ਕੀਤੀ ਜਾ ਰਹੀ ਕੋਸ਼ਿਸ਼ ਭੱਜ-ਦੌੜ ਤੱਕ ਸਿਮਟ ਕੇ ਰਹਿ ਗਈ ਹੈ। ਸ਼ਹਿਰ ਅੰਦਰ ਭੀੜ ਦੌਰਾਨ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਵੇ ਤਾਂ ਸਹਾਇਤਾ ਲਈ ਆਉਣ ਵਾਲਾ ਅਮਲਾ ਸਮੇਂ ਸਿਰ ਘਟਨਾ ਸਥਾਨ ’ਤੇ ਨਹੀਂ ਪਹੁੰਚ ਸਕੇਗਾ। ਕੁਝ ਚਿੰਤਕਾਂ ਤੇ ਸਮਾਜ ਸੇਵੀਆਂ ਦਾ ਕਹਿਣਾ ਹੈ ਕਿ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਲੋੜੀਂਦਾ ਮੈਪ ਤਿਆਰ ਕਰਦਿਆਂ ਸੜਕ ’ਤੇ ਪੀਲੀ ਪੱਟੀ ਲਗਾਉਣ ਤੋਂ ਇਲਾਵਾ ਨਾਜਾਇਜ਼ ਕਬਜ਼ਿਆਂ ਨੂੰ ਛੁਡਾਇਆ ਜਾਵੇ ਤਾਂ ਆਮ ਲੋਕਾਂ ਨੂੰ ਵੱਡੀ ਰਾਹਤ ਮਿਲਣ ਤੋਂ ਇਲਾਵਾ ਸ਼ਹਿਰ ਦੀ ਸੁੰਦਰਤਾ ਤੇ ਸੁਰੱਖਿਆ ਨੂੰ ਮਜ਼ਬੂਤੀ ਮਿਲ ਸਕਦੀ ਹੈ।