ਲਿਫਟ ਪੰਪ ਦੀ ਲੀਕ ਪਾਈਪ ਕਰਕੇ ਕੌਮੀ ਸ਼ਾਹ ਰਾਹ 354-ਈ ਟੁੱਟੀ
ਅਜੀਤ ਡੈਸਕ
02-01-2026
ਮੰਡੀ ਕਿੱਲਿਆਂਵਾਲੀ, 1 ਜਨਵਰੀ (ਇਕਬਾਲ ਸਿੰਘ ਸ਼ਾਂਤ)-ਕੌਮੀ ਸ਼ਾਹ ਰਾਹ 354-ਈ (ਡੱਬਵਾਲੀ-ਅਬੋਹਰ) 'ਤੇ ਟੋਲ ਅਦਾ ਕਰਨ ਦੇ ਬਾਵਜੂਦ ਰਾਹਗੀਰਾਂ ਨੂੰ ਸੁਰੱਖਿਅਤ ਸਫ਼ਰ ਨਹੀਂ ਮਿਲ ਰਿਹਾ | ਪਿੰਡ ਮਿੱਡੂਖੇੜਾ ਨੇੜੇ ਲਿਫ਼ਟ ਪੰਪ ਦੀ ਇਕ ਪਾਈਪ ਐਨ.ਐਚ ਦੇ ਹੇਠਾਂ ਲੰਮੇ ਸਮੇਂ ਤੋਂ ਲੀਕ ਹੋ ਰਹੀ ਹੈ, ਜਿਸ ਨਾਲ ਲਗਾਤਾਰ ਪਾਣੀ ਵਹਿ ਰਿਹਾ ਹੈ | ਵਿਭਾਗੀ ਲਾਪਰਵਾਹੀ ਕਾਰਨ ਕੌਮੀ ਸ਼ਾਹ ਰਾਹ ਦਾ ਕੁਝ ਹਿੱਸਾ ਟੁੱਟ ਗਿਆ ਹੈ ਅਤੇ ਡੂੂੰਘੇ ਟੋਏ ਪੈ ਚੁੱਕੇ ਹਨ | ਇਕ ਪਾਸੇ ਪੀ. ਡਬਿਲਊ.ੂਡੀ (ਬੀਐਂਡਆਰ) ਡਵੀਜਨ ਅਬੋਹਰ ਨੇ ਅੱਖਾਂ ਸ਼ਰੇ੍ਹਆਮ ਬੰਦ ਕਰ ਰੱਖੀਆਂ ਹਨ, ਦੂਜੇ ਪਾਸੇ ਮਿੱਟੀ ਤੇ ਜਲ ਸਾਂਭ-ਸੰਭਾਲ ਵਿਭਾਗ ਪੰਜਾਬ ਵੀ ਪਾਈਪ ਨੂੰ ਕਿਸਾਨਾਂ ਦੀ ਮਾਲਕੀਅਤ ਦੱਸ ਕੇ ਜ਼ਿੰਮੇਵਾਰੀ ਤੋਂ ਪੱਲਾ ਝਾੜ ਰਿਹਾ ਹੈ | ਹਾਲਾਤ ਇਹ ਹਨ ਕਿ ਇਹ ਜਗ੍ਹਾ ਰੋਜ਼ਾਨਾ ਹਾਦਸਿਆਂ ਦਾ ਕੇਂਦਰ ਬਣੀ ਹੋਈ ਹੈ | ਲੀਕ ਪਾਈਪ ਪਿੰਡ ਘੁਮਿਆਰਾ ਦੇ ਕਿਸੇ ਲਿਫਟ ਪੰਪ ਨਾਲ ਸੰਬੰਧਿਤ ਦੱਸੀ ਜਾਂਦੀ ਹੈ | ਖੇਤਰ ਵਾਸੀਆਂ ਮੁਤਾਬਿਕ ਕੌਮੀ ਸ਼ਾਹ ਰਾਹ ਦਾ ਲੀਕੇਜ਼ ਵਾਲਾ ਹਿੱਸਾ ਵਣਵਾਲਾ ਅਨੂੰਕਾ ਦੀ ਲਿੰਕ ਸੜਕ ਦੇ ਸਾਹਮਣੇ ਅਤੇ ਮਿੱਡੂਖੇੜਾ ਸੇਮਨਾਲੇ ਦੇ ਨੇੜੇ ਸਥਿਤ ਹੈ | ਸੜਕ ਕੰਢੇ ਲੰਘਦੀ ਲਿਫਟ ਪੰਪ ਦੀ ਪਾਈਪ ਕਾਫ਼ੀ ਸਮੇਂ ਤੋਂ ਲੀਕ ਹੈ, ਪਰ ਕਾਲਾ ਟਿੱਬਾ ਟੋਲ ਪਲਾਜ਼ਾ ਜਾਂ ਵਿਭਾਗੀ ਪੱਧਰ 'ਤੇ ਕੋਈ ਕਾਰਵਾਈ ਸਾਹਮਣੇ ਨਹੀਂ ਆਈ | ਹੈਰਾਨੀ ਦੀ ਗੱਲ ਹੈ ਕਿ ਸੜਕ ਲਗਪਗ ਵਿਚਕਾਰ ਤੱਕ ਟੁੱਟਣ ਦੇ ਬਾਵਜੂਦ ਪੀ.ਡਬਲਊੂ.ਡੀ ਬੀ.ਐਂਡ ਆਰ ਅਨਜਾਣ ਹੈ, ਪਰ ਖੇਤਰ ਵਿਚ ਬਕਾਇਦਾ ਵਿਭਾਗੀ ਜੇ.ਈ ਵੀ ਤਾਇਨਾਤ ਹੈ | ਇਹ ਲਿਫਟ ਪੰਪ ਮਿੱਟੀ ਤੇ ਜਲ ਸਾਂਭ-ਸੰਭਲ ਵਿਭਾਗ ਦੀ ਭਾਈਵਾਲ ਗ੍ਰਾਂਟ ਨਾਲ ਕਿਸਾਨਾਂ ਨੇ ਲਗਾਏ ਸਨ, ਪਰ ਹੁਣ ਵਿਭਾਗ ਦੇ ਸੀਨੀਅਰ ਤੰਤਰ ਬਾਈਪ ਨੂੰ ਕਿਸਾਨਾਂ ਨਾਲ ਸਬੰਧਤ ਦੱਸ ਕੇ ਖਹਿੜਾ ਛੁਡਵਾ ਗਿਆ, ਸਾਮਾਜਿਕ ਸਿਤਮਜਰੀਫ਼ੀ ਹੈ ਕਿ ਸਬੰਧਤ ਲਿਫ਼ਟ ਪੰਪ ਕਮੇਟੀ ਵੀ ਸਿਰਫ਼ ਆਪਣੇ ਸਿੰਚਾਈ ਹਿੱਤਾਂ ਤੱਕ ਸੀਮਿਤ ਹੈ | ਨੇੜੇ ਇਕ ਟਾਈਲ ਫ਼ੈਕਟਰੀ ਦੇ ਮਜ਼ਦੂਰ ਗੋਵਿੰਦ ਨੇ ਦੱਸਿਆ ਕਿ ਪਾਣੀ ਕਾਰਨ ਸੜਕ ਲਗਾਤਾਰ ਟੁੱਟ ਰਹੀ ਹੈ ਅਤੇ ਟੋਏ ਵਧ ਰਹੇ ਹਨ | ਕੁਝ ਦਿਨ ਪਹਿਲਾਂ ਮੋਟਰਸਾਈਕਲ ਟੋਏ ਕਰਕੇ ਹਾਦਸਾਗਸ੍ਰਤ ਹੋਣ ਕਰਕੇ ਬਜ਼ੁਰਗ ਮਹਿਲਾ ਗੰਭੀਰ ਜ਼ਖ਼ਮੀ ਹੋਈ ਸੀ | ਕਿਸਾਨ ਕੁਲਵੰਤ ਸਿੰਘ ਨੇ ਦੱਸਿਆ ਕਿ ਹਫ਼ਤਾ ਭਰ ਪਹਿਲਾਂ ਟੋਇਆਂ ਤੋਂ ਬਚਣ ਲਈ ਅਚਾਨਕ ਕੱਟ ਮਾਰਨ 'ਤੇ ਦੋ ਕਾਰਾਂ ਵਿੱਚਕਾਰ ਟੱਕਰ ਵਾਲ-ਵਾਲ ਬਚ ਗਈ ਸੀ | ਲੋਕਾਂ ਦਾ ਕਹਿਣਾ ਹੈ ਕਿ ਜਦੋਂ ਰੋਜ਼ਾਨਾ ਲੱਖਾਂ ਰੁਪਏ ਟੋਲ ਵਸੂਲਿਆ ਜਾ ਰਿਹਾ ਹੈ, ਤਾਂ ਕੌਮੀ ਸ਼ਾਹ ਰਾਹ ਦੀ ਇਹ ਹਾਲਤ ਰਾਹਗੀਰਾਂ ਅਤੇ ਖ਼ਪਤਕਾਰ ਸੁਰੱਖਿਆ ਕਾਨੂੰਨਾਂ ਨਾਲ ਸਰਕਾਰੀ ਖਿਲਵਾੜ ਹੈ | ਪੀ.ਡਬਲਯੂ.ਡੀ. ਬੀਐਂਡਆਰ ਅਬੋਹਰ ਡਵੀਜਨ ਦੇ ਕਾਰਜਕਾਰੀ ਇੰਜੀਨੀਅਰ ਆਨੰਦ ਮਾਹਰ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਸੀ | ਜੇ.ਈ ਅਮਿਤ ਕੁਮਾਰ ਨੂੰ ਭੇਜ ਕੇ ਜਾਂਚ ਕਰਵਾਈ ਜਾਵੇਗੀ ਅਤੇ ਮੁਰੰਮਤ ਕਰਵਾਈ ਜਾਵੇਗੀ |