ਸਾਦਿਕ, 30 ਜਨਵਰੀ (ਆਰ. ਐਸ. ਧੁੰਨਾ)-ਨੇੜਲੇ ਪਿੰਡ ਸੰਗਤਪੁਰਾ ਦੇ ਵਾਟਰ ਵਰਕਸ 'ਚ ਲੱਗੇ ਦਰੱਖਤਾਂ ਨੂੰ ਕੁਝ ਅਣਪਛਾਤੇ ਲੋਕਾਂ ਵਲੋਂ ਕੱਟੇ ਜਾਣ ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਫ਼ਰੀਦਕੋਟ ਦੇ ਹਲਕਾ ਇੰਚਾਰਜ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਸਰਪੰਚ ਦਵਿੰਦਰ ਸਿੰਘ ਤੇ ਪਿੰਡ ਵਾਸੀਆਂ ਦੀ ਹਾਜ਼ਰੀ 'ਚ ਕਿਹਾ ਕਿ ਅਣਪਛਾਤੇ ਲੋਕਾਂ ਵਲੋਂ ਬਿਨ੍ਹਾਂ ਕਿਸੇ ਮਨਜ਼ੂਰੀ ਦੇ ਪਿੰਡ ਦੇ ਵਾਟਰ ਵਰਕਸ 'ਚ ਲੱਗੇ ਦਰੱਖਤਾਂ ਦੀ ਨਾਜਾਇਜ਼ ਤੌਰ 'ਤੇ ਕਟਾਈ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਵਾਟਰ ਵਰਕਸ ਲਈ ਆਈ 52 ਲੱਖ ਰੁਪਏ ਦੀ ਗ੍ਰਾਂਟ ਨੂੰ ਖਰਚ ਕਰਨ ਲਈ ਜੇਕਰ ਵਾਟਰ ਵਰਕਸ ਦਾ ਵਿਕਾਸ ਕਰਨਾ ਹੈ ਤਾਂ ਇਸ 'ਚ ਲੱਗੇ ਪੁਰਾਣੇ ਦਰੱਖਤਾਂ ਦੀ ਕਟਾਈ ਲਈ ਪ੍ਰਸ਼ਾਸਨ ਕੋਲੋਂ ਅਗਾਂਊ ਮਨਜ਼ੂਰੀ ਲੈਣੀ ਜ਼ਰੂਰੀ ਹੈ ਤੇ ਇਸ ਲਈ ਬਣੀ ਕਮੇਟੀ ਜਿਸ ਦਾ ਚੇਅਰਮੈਨ ਸਰਪੰਚ ਹੈ, ਨੂੰ ਵੀ ਭਰੋਸੇ 'ਚ ਨਹੀਂ ਲਿਆ ਗਿਆ ਤੇ ਨਾ ਹੀ ਸਰਕਾਰੀ ਤੌਰ 'ਤੇ ਕੋਈ ਮਨਜ਼ੂਰੀ ਲਈ ਗਈ ਹੈ ਬੱਸ ਆਪਣੀ ਧੱਕੇਸ਼ਾਹੀ ਨਾਲ ਹੀ ਆਪ ਦੇ ਕਰਿੰਦੇ ਆਪਣਾ ਕੰਮ ਚਲਾ ਰਹੇ ਹਨ, ਦੇ ਖ਼ਿਲਾਫ਼ ਉਹ ਆਪਣੀ ਅਵਾਜ਼ ਉਠਾਉਣਗੇ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਧਿਆਨ 'ਚ ਲਿਆ ਕੇ ਇਸ ਕੰਮ ਵਿਚ ਸ਼ਾਮਿਲ ਲੋਕਾਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕਰਨਗੇ | ਇਸ ਮੌਕੇ ਪਿੰਡ ਦੇ ਸਰਪੰਚ ਦਵਿੰਦਰ ਸਿੰਘ ਨੇ ਕਿਹਾ ਕਿ ਬੀਤੇ ਦਿਨ ਪਿੰਡ ਦੇ ਵਿਅਕਤੀਆਂ ਵਲੋਂ ਉਸ ਨੂੰ ਸੂਚਨਾ ਦਿੱਤੀ ਗਈ ਸੀ ਕਿ ਕੁਝ ਵਿਅਕਤੀਆਂ ਵਲੋਂ ਵਾਟਰ ਵਰਕਸ 'ਚ ਲੱਗੇ ਦਰੱਖਤਾਂ ਦੀ ਕਟਾਈ ਕੀਤੀ ਜਾ ਰਹੀ ਹੈ, ਜਿਸ 'ਤੇ ਉਹ ਪਿੰਡ ਵਾਸੀਆਂ ਨਾਲ ਵਾਟਰ ਵਰਕਸ 'ਚ ਪੁੱਜੇ ਤਾਂ ਦਰੱਖਤਾਂ ਦੀ ਕਟਾਈ ਕਰ ਰਹੇ ਵਿਅਕਤੀ ਆਪਣੇ ਸੰਦ ਸੰਦੇੜੇ ਛੱਡ ਕੇ ਮੌਕੇ ਤੋਂ ਭੱਜ ਗਏ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਿੰਡ 'ਚ ਦਰੱਖਤਾਂ ਦੀ ਹੋਈ ਨਾਜਾਇਜ਼ ਕਟਾਈ ਦੀ ਜਾਂਚ ਕਰਕੇ ਇਸ 'ਚ ਸ਼ਾਮਿਲ ਲੋਕਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ | ਇਸ ਮੌਕੇ ਜੁਗਿੰਦਰ ਸਿੰਘ ਢਿੱਲੋਂ, ਚਰਨਜੀਤ ਸਿੰਘ ਢਿੱਲੋਂ, ਗੁਰਬਾਜ਼ ਸਿੰਘ ਸੰਧੂ, ਦਲਜਿੰਦਰ ਸਿੰਘ ਬਰਾੜ, ਗੁਰਵੰਕਲ ਸਿੰਘ, ਗੁਰਮੀਤ ਸਿੰਘ ਸੰਧੂ, ਸ਼ਲਿੰਦਰ ਸਿੰਘ ਢਿੱਲੋਂ, ਮੰਦਰ ਸਿੰਘ ਸੰਧੂ, ਕੇਵਲ ਸਿੰਘ ਗਿੱਲ, ਮੰਦਰ ਸਿੰਘ ਢਿੱਲੋਂ, ਬਾਦਲ ਸਿੰਘ ਖੋਸਾ, ਸਿਕੰਦਰ ਸਿੰਘ ਢਿੱਲੋਂ, ਤੇਜਿੰਦਰ ਸਿੰਘ ਬਰਾੜ, ਕਾਲਾ ਸਿੰਘ ਢਿੱਲੋਂ, ਪਰਮਜੀਤ ਸਿੰਘ ਆਦਿ ਹਾਜ਼ਰ ਸਨ |