ਸ੍ਰੀ ਮੁਕਤਸਰ ਸਾਹਿਬ, 6 ਮਾਰਚ (ਰਣਜੀਤ ਸਿੰਘ ਢਿੱਲੋਂ)-ਸ੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ (ਬਠਿੰਡਾ ਜ਼ੋਨ) ਵਲੋਂ ਨੌਜਵਾਨਾਂ ਨੂੰ ਅਮੀਰ ਵਿਰਸੇ, ਇਤਿਹਾਸ ਤੇ ਸ਼ਾਨਾਮੱਤੀਆਂ ਪ੍ਰਪੰਰਾਵਾਂ ਨਾਲ ਜੋੜਨ ਦੇ ਮਕਸਦ ਨਾਲ ਆਦੇਸ਼ ਯੂਨੀਵਰਸਿਟੀ ਭੁੱਚੋ (ਬਠਿੰਡਾ) ਵਿਖੇ ਅੰਤਰ ਕਾਲਜ ਯੁਵਕ ਮੇਲਾ ਕਰਵਾਇਆ ਗਿਆ | ਸਮਾਗਮ 'ਚ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਵਿਦਿਆਰਥੀਆਂ ਨੇ ਪਿ੍ੰਸੀਪਲ ਮੰਜੂ ਕਪੂਰ ਦੀ ਅਗਵਾਈ, ਵਾਈਸ ਪਿ੍ੰਸੀਪਲ ਡਾ. ਹਰਦਵਿੰਦਰ ਸਿੰਘ ਦੇ ਯਤਨਾਂ ਤੇ ਪੰਜਾਬੀ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹਿੱਸਾ ਲਿਆ | ਵਿਦਿਆਰਥੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ | ਯੁਵਕ ਮੇਲੇ 'ਚ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਦਰਮਿਆਨ ਕਵਿਤਾ ਉਚਾਰਨ, ਦਸਤਾਰ ਸਜਾਉਣਾ, ਪੈਰਾ ਰਚਨਾ, ਪੋਸਟਰ ਮੇਕਿੰਗ, ਕਲੇਅ ਮਾਡਲਿੰਗ, ਰੰਗੋਲੀ ਤੇ ਕੁਇਜ਼ ਦੇ ਸਖ਼ਤ ਮੁਕਾਬਲੇ ਕਰਵਾਏ ਗਏ | ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਵਿਦਿਆਰਥੀਆਂ ਵਲੋਂ ਪੈਰ੍ਹਾ ਰਚਨਾ ਮੁਕਾਬਲੇ 'ਚ ਬੀ.ਏ. ਭਾਗ ਤੀਜਾ ਦੇ ਵਿਦਿਆਰਥੀ ਗੁਰਜੀਤ ਸਿੰਘ ਨੇ ਆਪਣੀ ਲੇਖਣੀ ਦਾ ਲੋਹਾ ਮਨਵਾਉਂਦਿਆਂ ਤੀਜਾ ਸਥਾਨ ਹਾਸਿਲ ਕੀਤਾ | ਨੈਤਿਕ ਸਿੱਖਿਆ ਇਮਤਿਹਾਨ 'ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨਾਲ ਸੰਬੰਧਿਤ ਕਰਵਾਈ ਗਈ ਪ੍ਰੀਖਿਆ 'ਚ ਮੈਰਿਟ ਹਾਸਿਲ ਕਰਨ ਵਾਲੀਆਂ ਦੋ ਵਿਦਿਆਰਥਣਾਂ ਸਿਮਰਨ (ਬੀ.ਏ. ਭਾਗ ਤੀਜਾ) ਤੇ ਰਾਧਿਕਾ (ਬੀ.ਏ. ਭਾਗ ਦੂਜਾ) ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਕਾਲਜ ਦੀਆਂ ਤਿੰਨ ਟੀਮਾਂ ਨੇ ਕੁਇਜ, ਪੈਰ੍ਹਾ ਰਚਨਾ ਤੇ ਪੋਸਟਰ ਮੇਕਿੰਗ ਮੁਕਾਬਲਿਆਂ ਵਿਚ ਸਰਗਰਮੀ ਨਾਲ ਹਿੱਸਾ ਲਿਆ | ਸਮਾਗਮ ਦੇ ਅੰਤ 'ਚ ਪ੍ਰਬੰਧਕਾਂ ਵਲੋਂ ਕਾਲਜ ਦੀ ਬਿਹਤਰੀਨ ਭਾਗੀਦਾਰੀ ਲਈ ਟੀਮ ਇੰਚਾਰਜ ਪ੍ਰੋ. ਜਗਮੀਤ ਸਿੰਘ ਅਤੇ ਪ੍ਰੋ. ਵੀਰਪਾਲ ਕੌਰ ਨੂੰ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ | ਕਾਲਜ ਵਾਪਸ ਪਰਤਣ 'ਤੇ ਮੁਖੀ ਪ੍ਰੋ. ਮੰਜੂ ਕਪੂਰ ਨੇ ਜੇਤੂ ਵਿਦਿਆਰਥੀਆਂ ਦਾ ਸਵਾਗਤ ਕੀਤਾ | ਇਸ ਸਮੇਂ ਪ੍ਰੋ. ਜਗਮੀਤ ਸਿੰਘ, ਪ੍ਰੋ. ਵੀਰਪਾਲ ਕੌਰ, ਪ੍ਰੋ. ਜਗਮੀਤ ਸਿੰਘ, ਪ੍ਰੋ. ਦੀਪਇੰਦਰ ਸਿੰਘ, ਦਫ਼ਤਰੀ ਵਿਭਾਗ ਤੋਂ ਸਹਾਇਕ ਸੁਪਰਡੈਂਟ ਦੌਲਧ ਸਿੰਘ ਵੀ ਮੌਜੂਦ ਸਨ |