ਕੋਟਕਪੂਰਾ, 6 ਮਾਰਚ (ਮੇਘਰਾਜ)-ਕੋਟਕਪੂਰਾ-ਜੈਤੋ ਬਾਈਪਾਸ ਨਜ਼ਦੀਕ ਲੰਘਦੇ ਸੂਏ ਨੂੰ ਪੱਕਾ ਕਰਨ ਲਈ ਇਲਾਕਾ ਨਿਵਾਸੀਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਨ ਲਈ ਹਲਕਾ ਵਿਧਾਇਕ ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੋਂ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ, ਜੋ ਕਿ ਹੁਣ ਪੂਰੀ ਹੋਣ ਲੱਗੀ ਹੈ | ਇਸ ਸੂਏ ਦੇ ਹਰ ਸਾਲ ਟੁੱਟਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ | ਬੀਤੇ ਲੰਮੇ ਸਮੇਂ ਤੋਂ ਹਰ ਸਾਲ ਪਾੜ੍ਹ ਪੈਣ ਕਾਰਨ ਸੂਆ ਟੁੱਟ ਕੇ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਕਰਦਾ ਸੀ ਤੇ ਕਿਸਾਨਾਂ ਨੂੰ ਨੁਕਸਾਨ ਦਾ ਮੁਆਵਜ਼ਾ ਵੀ ਘੱਟ ਹੀ ਮਿਲਦਾ ਸੀ | ਕੁਝ ਦਿਨ ਪਹਿਲਾਂ ਸਪੀਕਰ ਸੰਧਵਾਂ ਨੇ ਕਰੀਬ 12.50 ਕਰੋੜ ਰੁਪਏ ਨਾਲ ਬਣਨ ਵਾਲੇ ਇਸ ਸੂਏ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ ਗਿਆ ਸੀ | ਹੁਣ ਇਸ ਸੂਏ ਦੇ ਨਵੀਨੀਕਰਨ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਗਿਆ ਹੈ, ਜਿਸ ਨਾਲ ਕਿਸਾਨਾਂ ਨੂੰ ਸੁੱਖ ਦਾ ਸਾਹ ਮਿਲਿਆ ਹੈ | ਇਸ ਸੂਏ ਦੇ ਪੱਕਾ ਹੋਣ 'ਤੇ ਸਿੰਚਾਈ ਦੇ ਨਾਲ ਨਾਲ ਪੀਣ ਵਾਲੇ ਪਾਣੀ ਦੀ ਸੁਵਿਧਾ ਮਿਲੇਗੀ | ਪੀਣ ਵਾਲੇ ਪਾਣੀ ਦੀ ਸੁਵਿਧਾ ਸ਼ਹਿਰ ਦੇ ਵਾਟਰ ਵਰਕਸ ਤੋਂ ਇਲਾਵਾ ਪਿੰਡਾਂ 'ਚ ਬਣੇ ਵਾਟਰ ਵਰਕਸਾਂ 'ਚ ਵੀ ਮਿਲੇਗੀ | ਸਪੀਕਰ ਸੰਧਵਾਂ ਨੇ ਦੱਸਿਆ ਕਿ ਸੂਏ ਦੇ ਪੱਕਾ ਕਰਨ ਦਾ ਕੰਮ ਕਰੀਬ 2 ਮਹੀਨੇ ਤੱਕ ਮੁਕੰਮਲ ਹੋ ਜਾਵੇਗਾ | ਉਨ੍ਹਾਂ ਦੱਸਿਆ ਕਿ ਸੂਏ ਨੂੰ ਕੰਕਰੀਟ ਅਤੇ ਸੀਮਿੰਟ ਨਾਲ ਪੱਕਾ ਕੀਤਾ ਜਾਵੇਗਾ ਤਾਂ ਜੋ ਭਵਿੱਖ 'ਚ ਕਿਸਾਨਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ | ਕਈ ਜੇ.ਸੀ.ਬੀ ਮਸ਼ੀਨਾਂ ਲਾਲ ਪੁਰਾਣੀਆ ਇੱਟਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਤੇ ਪਟੜੀਆਂ ਤੋਂ ਮਿੱਟੀ ਪੁੱਟੀ ਜਾ ਰਹੀ ਹੈ | ਇਸ ਦੇ ਨਾਲ ਹੀ ਸੈਂਕੜੇ ਮਜ਼ਦੂਰਾਂ ਨੂੰ ਰੋਜ਼ਗਾਰ ਮਿਲਿਆ ਹੈ | ਪੀ. ਆਰ. ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ ਨੇ ਦੱਸਿਆ ਕਿ ਇਸ ਸੂਏ ਦੇ ਪੱਕਾ ਹੋਣ ਨਾਲ ਅਨੇਕਾਂ ਪਿੰਡਾਂ ਨੂੰ ਲਾਭ ਪੁੱਜੇਗਾ ਜਿੰਨ੍ਹਾਂ 'ਚ ਢਿਲਵਾਂ ਕਲਾਂ, ਕੋਟਕਪੂਰਾ, ਬਾਹਮਣਵਾਲਾ, ਬੁੱਕਣ ਸਿੰਘ ਨਗਰ, ਲਾਲੇਆਣਾ, ਢਾਬ ਗੁਰੂ ਕੀ, ਕੋਹਾਰਵਾਲਾ, ਕੋਠੇ ਬੱਲਾਂ ਵਾਲੇ, ਕੋੋਠੇ ਸੈਣੀਆਂ, ਕੋਠੇ ਵੜਿੰਗ, ਵਾੜਾ ਦਰਾਕਾ, ਹਰੀਨੌਂ, ਠਾੜ੍ਹੇ, ਖਾਰਾ ਸਮੇਤ ਹੋਰ ਵੀ ਪਿੰਡ ਸ਼ਾਮਿਲ ਹਨ | ਉਕਤ ਪਿੰਡਾਂ ਦੀ ਹਜ਼ਾਰਾਂ ਏਕੜ ਫ਼ਸਲ ਤੇ ਉਪਜਾਊ ਜ਼ਮੀਨ ਹਰ ਸਾਲ ਹੁੰਦੇ ਨੁਕਸਾਨ ਤੋਂ ਬਚ ਜਾਵੇਗੀ | ਪਿੰਡ ਬਾਹਮਣਵਾਲਾ ਦੇ ਸਰਪੰਚ ਗੁਰਮੇਲ ਸਿੰਘ ਸੰਧੂ ਨੇ ਦੱਸਿਆ ਕਿ ਝੋਨੇ ਦੀ ਲਵਾਈ ਤੋਂ ਪਹਿਲਾਂ ਨਵੇਂ ਸੂਏ 'ਚ ਪਾਣੀ ਛੱਡਣ ਦਾ ਅਨੁਮਾਨ ਹੈ | ਉਨ੍ਹਾਂ ਦੱਸਿਆ ਕਿ ਕਰੀਬ 60 ਸਾਲ ਪਹਿਲਾਂ ਇਸ ਸੂਏ ਨੂੰ ਇੱਟਾਂ ਲਾਕੇ ਪੱਕਾ ਕੀਤਾ ਗਿਆ ਸੀ, ਜਿਸ ਦੀ ਹਾਲਤ ਹੁਣ ਖਸਤਾ ਹੋ ਚੁੱਕੀ ਸੀ | ਸੂਏ ਦੇ ਮੁਰੰਮਤ ਕਾਰਨ ਸੂਏ ਦੇ ਨਾਲ ਵੀ ਸੜਕ 'ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਤੇ ਹੋਰ ਬਦਲਵੇਂ ਰਸਤਿਆਂ ਦੇ ਸੂਚਨਾ ਬੋਰਡ ਲਗਾ ਦਿੱਤੇ ਗਏ ਹਨ |