ਮੋਗਾ, 10 ਅਪ੍ਰੈਲ (ਸੁਰਿੰਦਰਪਾਲ ਸਿੰਘ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਸਬ ਡਵੀਜ਼ਨ ਬਾਘਾ ਪੁਰਾਣਾ ਦੀ ਮਹੀਨਾਵਾਰ ਮੀਟਿੰਗ ਨਗਰ ਕਮੇਟੀ ਦੇ ਦਫ਼ਤਰ ਵਿਚ ਗੁਰਜੰਟ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦਾ ਸੰਚਾਲਨ ਸਬ ਡਵੀਜ਼ਨ ਸਕੱਤਰ ਅਮਰਜੀਤ ਸਿੰਘ ਮਾਣੂੰਕੇ ਨੇ ਬਾਖ਼ੂਬੀ ਨਿਭਾਇਆ | ਮੀਟਿੰਗ 'ਚ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਦੱਸਿਆ ਕਿ ਡੀ.ਏ. ਸਬੰਧੀ ਜੋ ਅੱਜ ਮਾਣਯੋਗ ਹਾਈਕੋਰਟ ਨੇ ਮੁਲਾਜ਼ਮਾਂ ਪੈਨਸ਼ਨਰਾਂ ਦੇ ਹੱਕ ਵਿਚ ਇਕ ਇਤਿਹਾਸਕ ਫ਼ੈਸਲਾ ਕਰਕੇ ਬਹੁਤ ਵੱਡੀ ਰਾਹਤ ਪ੍ਰਦਾਨ ਕੀਤੀ ਹੈ ਜਿਸ ਨਾਲ 7 ਲੱਖ ਤੋਂ ਉੱਪਰ ਮੁਲਾਜ਼ਮਾਂ ਪੈਨਸ਼ਨਰਾਂ ਨੂੰ ਪਿਛਲੇ 3 ਸਾਲ ਤੋਂ ਰੁਕਿਆ ਹੋਇਆ 16 ਫ਼ੀਸਦੀ ਡੀ.ਏ. ਮਿਲਣ ਲਈ ਰਾਹ ਪੱਧਰਾ ਹੋ ਗਿਆ ਹੈ | ਉਨ੍ਹਾਂ ਪੈਨਸ਼ਨਰਾਂ ਨੂੰ ਚੌਕਸ ਰਹਿਣ ਲਈ ਕਿਹਾ ਕਿ ਜੇ ਸਰਕਾਰ ਦੀ ਨੀਅਤ ਵਿਚ ਕੁਝ ਖੋਟ ਜਾਪੇ ਤਾਂ ਉਹ ਸੰਘਰਸ਼ ਲਈ ਤਿਆਰ ਰਹਿਣ | ਵੱਖ-ਵੱਖ ਬੁਲਾਰਿਆਂ ਮਾਸਟਰ ਨਾਹਰ ਸਿੰਘ, ਪਰਮਜੀਤ ਸਿੰਘ ਰਖਰਾ, ਸਤਿੰਦਰਪਾਲ ਸਿੰਘ ਸਾਹੋਕੇ, ਪਿ੍ੰਸੀਪਲ ਮਨਮੋਹਨ ਸਿੰਘ ਘੋਲੀਆ ਕਲਾਂ, ਗੁਰਦੇਵ ਸਿੰਘ ਲੰਡੇ, ਰਘਬੀਰ ਸਿੰਘ ਲੰਗੇਆਣਾ ਨੇ 17 ਮਈ ਨੂੰ ਜਲੰਧਰ ਵਿਖੇ ਹੋਣ ਵਾਲੀ ਕਨਵੈਨਸ਼ਨ ਵਿਚ ਭਰਵੀਂ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ | ਉਨ੍ਹਾਂ ਸਮੂਹ ਪੈਨਸ਼ਨਰਾਂ ਨੂੰ ਸਾਂਝੇ ਫ਼ਰੰਟ ਦੇ ਫ਼ੈਸਲੇ ਮੁਤਾਬਿਕ ਮਜ਼ਦੂਰ ਦਿਹਾੜੇ 'ਤੇ ਪਹਿਲੀ ਮਈ ਨੂੰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੁਆਰਾ ਕਿਰਤ ਕਾਨੂੰਨਾਂ ਵਿਚ ਕੀਤੀਆਂ ਸੋਧਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਮਈ ਦਿਨ ਦੇ ਸਮਾਗਮਾਂ 'ਚ ਪਹੁੰਚਣ ਦਾ ਸੱਦਾ ਦਿੱਤਾ ਜਿਸ ਸਬੰਧੀ 12 ਅਪ੍ਰੈਲ ਨੂੰ ਮੋਗਾ ਰੋਡ 'ਤੇ ਬਿਜਲੀ ਘਰ ਬਾਘਾ ਪੁਰਾਣਾ ਵਿਚ 11 ਵਜੇ ਹੋ ਰਹੀ ਮੀਟਿੰਗ ਵਿਚ ਵੀ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ | ਮੀਟਿੰਗ ਵਿਚ ਸਦੀਵੀ ਵਿਛੋੜਾ ਦੇ ਗਏ ਗੁਰਜੰਟ ਸਿੰਘ ਲੋਪੋ, ਰਜਿੰਦਰ ਸਿੰਘ ਢੁੱਡੀਕੇ, ਤਜਿੰਦਰ ਸਿੰਘ ਸਪੁੱਤਰ ਇੰਦਰਜੀਤ ਸਿੰਘ ਮੋਗਾ, ਪਿ੍ੰਸੀਪਲ ਗੁਰਦੇਵ ਸਿੰਘ, ਜਗਦੀਸ਼ਰ ਸਿੰਘ, ਗੁਰਮੇਲ ਕੌਰ ਨੱਥੂਵਾਲਾ, ਗਿਆਨ ਸਿੰਘ ਸਮਾਧ ਭਾਈ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਮੀਟਿੰਗ 'ਚ ਵੱਡੀ ਗਿਣਤੀ ਵਿਚ ਪੈਨਸ਼ਨਰ ਆਗੂ ਤੇ ਸਰਗਰਮ ਵਰਕਰ ਸ਼ਾਮਿਲ ਹੋਏ |