ਦੋਦਾ, 17 ਅਪ੍ਰੈਲ (ਰਵੀਪਾਲ)-ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਵਿਦਿਆਰਥੀਆਂ ਨੂੰ ਸਿੱਖਿਆ ਸੰਬੰਧੀ ਮਿਆਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਚਨਬੱਧ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਗਿੱਦੜਬਾਹਾ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਹਲਕੇ ਦੇ ਸਕੂਲਾਂ ਵਿਚ ਵੱਖ-ਵੱਖ ਪ੍ਰਾਜੈਕਟਾਂ ਦੇ ਉਦਘਾਟਨ ਸਮਾਗਮ ਦੌਰਾਨ ਕੀਤਾ | ਸ. ਢਿੱਲੋਂ ਨੇ ਦੱਸਿਆ ਕਿ ਹਲਕੇ ਦੇ ਪਿੰਡ ਕਾਉਣੀ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਲਗਪਗ 28 ਲੱਖ ਰੁਪਏ ਦੀ ਲਾਗਤ ਨਾਲ ਚਾਰ ਆਧੁਨਿਕ ਕਲਾਸ ਰੂਮ ਤਿਆਰ ਕਰਕੇ ਬੱਚਿਆਂ ਨੂੰ ਸਮਰਪਿਤ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਸਿੱਖਿਆ ਸੁਧਾਰ ਪੰਜਾਬ ਸਰਕਾਰ ਪਹਿਲ ਦੇ ਆਧਾਰ 'ਤੇ ਕਰ ਰਹੀ ਹੈ | ਸਿੱਖਿਆ ਸਾਰੇ ਵਰਗ, ਧਰਮਾਂ ਤੇ ਜਾਤੀ ਦੇ ਲੋਕਾਂ ਲਈ ਅਤਿ ਮਹੱਤਵਪੂਰਨ ਹੈ | ਜ਼ਿਕਰਯੋਗ ਹੈ ਕਿ ਹਲਕਾ ਵਿਧਾਇਕ ਡਿੰਪੀ ਢਿੱਲੋਂ ਵਲੋਂ ਹਲਕੇ ਦੇ ਸਰਕਾਰੀ ਹਾਈ ਸਕੂਲ ਮਧੀਰ ਵਿਖੇ 15.2 ਲੱਖ ਰੁਪਏ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੱਤਿਆਣਾ ਵਿਖੇ 15.2 ਲੱਖ ਰੁਪਏ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਖਨਾ ਅਬਲੂ ਵਿਖੇ 26.2 ਲੱਖ ਰੁਪਏ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਗਿਲਜੇਵਾਲਾ ਵਿਖੇ 25 ਲੱਖ ਰੁਪਏ ਅਤੇ ਸਰਕਾਰੀ ਮਿਡਲ ਸਕੂਲ ਖੂੰਨਣ ਖੁਰਦ ਵਿਖੇ ਲਗਪਗ 9 ਲੱਖ 55 ਹਜ਼ਾਰ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਵਾਈ ਅਤੇ ਬੱਚਿਆਂ ਨੂੰ ਸਮਰਪਿਤ ਕੀਤੇ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਪਾਲ ਮੋਂਗਾ, ਸਰਪੰਚ ਅੰਗਰੇਜ਼ ਸਿੰਘ ਤੋਂ ਇਲਾਵਾ ਸਕੂਲਾਂ ਦੇ ਪਿ੍ੰਸੀਪਲ, ਸਮੂਹ ਸਟਾਫ਼ ਅਤੇ ਪਾਰਟੀ ਦੇ ਵਰਕਰ ਅਤੇ ਆਗੂ ਹਾਜ਼ਰ ਸਨ |