ਸ੍ਰੀ ਮੁਕਤਸਰ ਸਾਹਿਬ, 24 ਅਪ੍ਰੈਲ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰਪਾਲ)-ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਖਰੀਦ ਏਜੰਸੀਆਂ ਵਲੋਂ 374224 ਮੀਟਰਿਕ ਟਨ ਦੀ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਤੇ 717.50 ਕਰੋੜ ਰੁਪਏ ਅਦਾਇਗੀ ਸਬੰਧਿਤ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ | ਡਿਪਟੀ ਕਮਿਸ਼ਨਰ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਨਗਰੇਨ ਏਜੰਸੀ ਵਲੋਂ 93759 ਮੀਟਰਿਕ ਟਨ, ਮਾਰਕਫੈੱਡ ਏਜੰਸੀ ਵਲੋਂ 102028 ਮੀਟਰਿਕ ਟਨ, ਪਨਸਪ ਏਜੰਸੀ ਵਲੋਂ 95409 ਮੀਟਰਿਕ ਟਨ, ਵੇਅਰਹਾਉਸ ਏਜੰਸੀ ਵਲੋਂ 83028 ਮੀਟਰਿਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ | ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫ਼ਸਰ ਹਿਮਾਂਸ਼ੂ ਕੁੱਕੜ ਨੇ ਦੱਸਿਆ ਕਿ ਖਰੀਦ ਏਜੰਸੀਆਂ ਵਲੋਂ 106695 ਮੀਟਰਿਕ ਟਨ ਕਣਕ ਦੀ ਲਿਫ਼ਟਿੰਗ ਕੀਤੀ ਜਾ ਚੁੱਕੀ ਹੈ ਅਤੇ ਕਣਕ ਦੀ ਸੁਚਾਰੂ ਢੰਗ ਨਾਲ ਢੋਆ-ਢੁਆਈ ਲਈ ਤਕਰੀਬਨ 772 ਟਰੱਕਾਂ ਅਤੇ ਵਹੀਕਲਾਂ 'ਤੇ ਵੀ.ਟੀ.ਐਸ / ਜੀ.ਪੀ.ਐਸ ਟਰੈਕਿੰਗ ਸਿਸਟਮ ਲਗਾ ਕੇ ਕੀਤੀ ਜਾ ਰਹੀ ਹੈ ਤਾਂ ਜੋ ਢੋਆ-ਢੁਆਈ 'ਤੇ ਕੜੀ ਨਜ਼ਰ ਰੱਖੀ ਜਾ ਸਕੇ | ਉਨ੍ਹਾਂ ਇਹ ਵੀ ਦੱਸਿਆ ਕਿ ਲਿਫ਼ਟਿੰਗ ਦੀ ਕੋਈ ਸਮੱਸਿਆ ਨਹੀਂ ਹੈ |