ਸ੍ਰੀ ਮੁਕਤਸਰ ਸਾਹਿਬ, 24 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪਾਵਰਕਮ ਸੀ.ਐੱਚ.ਬੀ. ਲਾਈਨਮੈਨ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਅੱਜ ਸੂਬਾ ਕਮੇਟੀ ਦੀ ਮੀਟਿੰਗ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ | ਮੀਟਿੰਗ ਵਿਚ ਸੂਬਾ ਕਮੇਟੀ ਦੇ ਮੈਂਬਰ ਤੇ ਸਰਕਲ ਕਮੇਟੀ ਦੇ ਮੈਂਬਰਾਂ ਤੇ ਡਵੀਜ਼ਨ ਪ੍ਰਧਾਨ, ਡਵੀਜ਼ਨ ਕਮੇਟੀਆਂ, ਸਬ ਡਵੀਜ਼ਨ ਕਮੇਟੀਆਂ ਦੇ ਜੁਝਾਰੂ ਆਗੂ ਸ਼ਾਮਿਲ ਹੋਏ | ਸੂਬਾ ਪ੍ਰਧਾਨ ਅੰਗਰੇਜ਼ ਸਿੰਘ, ਸੂਬਾ ਜਨਰਲ ਸਕੱਤਰ ਰਾਕੇਸ਼ ਕੁਮਾਰ ਲੰਬੀ, ਸੂਬਾ ਮੀਤ ਪ੍ਰਧਾਨ ਪਿ੍ਤਪਾਲ ਸਿੰਘ ਬੁੱਟਰ, ਸੂਬਾ ਕਾਨੂੰਨੀ ਸਲਾਹਕਾਰ ਬਲਰਾਮ, ਸੂਬਾ ਸਹਿ ਸਕੱਤਰ ਮਨਜੀਤ ਸਿੰਘ ਜ਼ੀਰਾ ਵਲੋਂ ਜਾਣਕਾਰੀ ਦਿੱਤੀ ਕਿ ਸੀ.ਐੱਚ.ਬੀ. ਤੇ ਡਬਲਿਊ ਠੇਕਾ ਮੁਲਾਜ਼ਮ ਲੰਬੇ ਸਮੇਂ ਤੋਂ ਬਿਜਲੀ ਬੋਰਡ ਦੇ ਅਦਾਰੇ ਵਿਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ, ਪਰ ਪੰਜਾਬ ਸਰਕਾਰ ਇਨ੍ਹਾਂ ਕਾਮਿਆਂ ਦੀਆਂ ਮੰਗਾਂ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ | ਜਥੇਬੰਦੀ ਵਲੋਂ ਅਨੇਕਾਂ ਮੀਟਿੰਗਾਂ ਪਟਿਆਲਾ ਮੈਨੇਜਮੈਂਟ ਨਾਲ ਕੀਤੀਆਂ ਅਤੇ ਕਈ ਵਾਰ ਸਰਕਾਰ ਦੇ ਧਿਆਨ ਵਿਚ ਮੰਗਾਂ ਲਿਆਂਦੀਆਂ ਗਈਆਂ, ਪਰ ਅਜੇ ਤੱਕ ਸੀ.ਐੱਚ.ਬੀ. ਤੇ ਡਬਲਿਊ ਠੇਕਾ ਮੁਲਾਜ਼ਮ ਦਾ ਕੋਈ ਮਸਲਾ ਹੱਲ ਨਹੀਂ ਕੀਤਾ ਗਿਆ | ਅੱਜ ਐਲਾਨ ਕੀਤਾ ਗਿਆ ਕਿ 28 ਅਪ੍ਰੈਲ ਨੂੰ ਪਰਿਵਾਰਾਂ ਤੇ ਬੱਚਿਆਂ ਸਮੇਤ ਹਾਦਸਾ ਪੀੜਤਾਂ ਨੂੰ ਨਾਲ ਲੈ ਕੇ ਮੰਗ ਪੱਤਰ ਵਿਚ ਦਰਜ ਮੰਗਾਂ ਨੂੰ ਹੱਲ ਕਰਵਾਉਣ ਲਈ ਵਿਧਾਇਕ ਡਿੰਪੀ ਢਿੱਲੋਂ ਦੇ ਦਫ਼ਤਰ ਦੇ ਬਾਹਰ ਗਿੱਦੜਬਾਹਾ ਵਿਖੇ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਤੋਂ ਇਲਾਵਾ 1 ਮਈ ਨੂੰ ਹਰ ਡਵੀਜ਼ਨ ਵਿਚ ਝੰਡੇ ਲਹਿਰਾਏ ਜਾਣਗੇ | 11 ਮਈ ਨੂੰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਘਰ ਅੱਗੇ ਮਲੋਟ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ, ਜਦਕਿ 20 ਮਈ ਨੂੰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ |