ਸ੍ਰੀ ਮੁਕਤਸਰ ਸਾਹਿਬ, 24 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਟੇਟ ਕਰਮਚਾਰੀ ਦਲ ਸ੍ਰੀ ਮੁਕਤਸਰ ਸਾਹਿਬ ਵਲੋਂ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਐੱਸ.ਡੀ.ਐੱਮ. ਰਾਹੀਂ ਮੰਗ ਪੱਤਰ ਦਿੱਤਾ ਗਿਆ | ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਪ੍ਰਧਾਨ ਚਿੰਤ ਰਾਮ ਨਾਹਰ, ਮੇਵਾ ਸਿੰਘ, ਦੀਪਕ ਕੁਮਾਰ (ਡੀ.ਕੇ.), ਰੁਕਮ ਦਾਸ, ਮੁਖ਼ਤਿਆਰ ਸਿੰਘ ਬੇਦੀ ਨੇ ਕਿਹਾ ਕਿ ਪੰਜਾਬ ਸਰਕਾਰ ਜਲਦੀ ਹੀ ਕੇਂਦਰ ਦੀ ਤਰਜ਼ 'ਤੇ ਡੀ.ਏ. ਦੀਆਂ ਕਿਸ਼ਤਾ ਜਾਰੀ ਕਰੇ, ਆਊਟਸੋਰਸ ਇੰਨਲਿਸਟਮੈਂਟ ਮੁਲਾਜ਼ਮਾਂ ਨੂੰ ਜਲਦੀ ਹੀ ਵਿਭਾਗ ਵਿਚ ਲਿਆ ਕੇ ਰੈਗੂਲਰ ਕੀਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, 2016 ਤੋਂ ਪਹਿਲਾਂ ਸੇਵਾ ਮੁਕਤ ਹੋਏ ਅਤੇ 2016 ਤੋਂ ਬਾਅਦ ਰਿਟਾਇਰ ਹੋਏ ਕਰਮਚਾਰੀਆਂ ਦੀ ਪੈਨਸ਼ਨ ਦੇ ਫ਼ਰਕ ਨੂੰ ਦੂਰ ਕੀਤਾ ਜਾਵੇ, ਪੈਨਸ਼ਨਰਾਂ ਤੋਂ ਡਿਵੈਲਪਮੈਂਟ ਦੇ ਨਾਂਅ 'ਤੇ ਲਿਆ ਜਾਂਦਾ 200 ਰੁਪਏ ਟੈਕਸ ਰੱਦ ਕੀਤਾ ਜਾਵੇ, ਘੱਟੋ-ਘੱਟ ਉਜ਼ਰਤਾਂ ਵਿਚ ਮਹਿੰਗਾਈ ਦੇ ਹਿਸਾਬ ਨਾਲ ਵਾਧਾ ਕੀਤਾ ਜਾਵੇ, 2010 ਦੇ ਕੋਰਟ ਕੇਸ ਦੇ ਫ਼ੈਸਲੇ ਮੁਤਾਬਕ 2006 ਤੋਂ ਸਕੇਲ ਸੋਧ ਕੀਤੀ ਜਾਵੇ, ਮੈਡੀਕਲ ਭੱਤੇ ਵਿਚ ਵੀ ਮਹਿੰਗਾਈ ਦੇ ਹਿਸਾਬ ਨਾਲ ਵਾਧਾ ਕੀਤਾ ਜਾਵੇ, ਪੇਅ ਸਕੇਲ ਦੀਆਂ ਤਰੁੱਟੀਆਂ ਨੂੰ ਦੂਰ ਕੀਤਾ ਜਾਵੇ ਅਤੇ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਏਰੀਅਰ ਬਹੁਤ ਮੁਸ਼ਕਿਲ ਨਾਲ ਮਿਲਦਾ ਹੈ, ਉਸ ਪਰੋਸੈਂਸ਼ ਨੂੰ ਸਰਲ ਬਣਾਇਆ ਜਾਵੇ ਆਦਿ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਸਬ-ਡਵੀਜ਼ਨ ਮੈਜਿਸਟ੍ਰੇਟ ਗੁਰਕਿਰਨਦੀਪ ਸਿੰਘ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਭਾਗਮੱਲ, ਰਾਮਪਾਲ, ਮੰਗਲ ਸਿੰਘ, ਜਗਤਾਰ ਸਿੰਘ, ਰਜਿੰਦਰ ਕੁਮਾਰ ਅਤੇ ਜੈ ਸਿੰਘ ਸਮੇਤ ਆਦਿ ਹਾਜ਼ਰ ਸਨ |