ਫ਼ਰੀਦਕੋਟ, 1 ਮਈ (ਸਰਬਜੀਤ ਸਿੰਘ)-ਅੱਜ ਮਜ਼ਦੂਰ ਦਿਵਸ ਮੌਕੇ ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਸਮੂਹ ਮੁਲਾਜ਼ਮਾਂ ਵਲੋਂ ਫ਼ਰੀਦਕੋਟ ਡਿਪੂ ਦੇ ਗੇਟ ਅੱਗੇ ਪੰਜਾਬ ਸਰਕਾਰ ਖ਼ਿਲਾਫ਼ ਰੈਲੀ ਕੀਤੀ ਗਈ ਅਤੇ ਝੰਡਾ ਲਹਿਰਾ ਕੇ ਸ਼ਿਕਾਗੋਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ | ਹਰਪ੍ਰੀਤ ਸੋਢੀ ਨੇ ਕਿਹਾ ਕਿ ਅੱਜ ਦੇ ਦਿਨ 1886 ਨੂੰ ਸ਼ਿਕਾਗੋਂ ਦੇ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ 1889 ਵਿਚ 8 ਘੰਟੇ ਦਾ ਹੱਕ ਮਜ਼ਦੂਰਾਂ ਨੂੰ ਦਵਾਇਆ ਗਿਆ ਸੀ | ਉਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਫੇਰ ਤੋਂ ਮੌਜੂਦਾ ਹਲਾਤਾ ਵਿਚ ਭਾਰਤ ਸਰਕਾਰ ਲੇਬਰ ਕੋਡ ਵਿਚ ਸੋਧ ਦੇ ਨਾਮ ਤੇ ਸਾਰੇ ਹੱਕ ਖੋਹਣ ਤੇ ਲੱਗੀ ਹੈ, ਦੂਸਰੇ ਪਾਸੇ ਪੰਜਾਬ ਸਰਕਾਰ ਕਿਸਾਨ, ਮਜ਼ਦੂਰ ਤੇ ਮੁਲਾਜਮ ਜਥੇਬੰਦੀਆਂ ਦੀ ਹਮਾਇਤ ਦੇ ਵਾਅਦੇ ਕਰਕੇ ਅਤੇ ਆਪਣੇ ਆਪ ਨੂੰ ਆਮ ਆਦਮੀ ਦੇ ਨਾਮ ਨਾਲ ਜੋੜ ਕੇ ਪੰਜਾਬ ਦੀ ਸੱਤਾ ਤੇ ਕਾਬਜ਼ ਹੋਈ ਆਪ ਸਰਕਾਰ ਹੁਣ ਕਾਰਪੋਰੇਟ ਘਰਾਣਿਆਂ ਦੀ ਅਤੇ ਖਾਸ ਲੋਕਾਂ ਦੀ ਸਰਕਾਰ ਬਣ ਚੁੱਕੀ ਹੈ | ਡਿਪੂ ਪ੍ਰਧਾਨ ਹਰਜਿੰਦਰ ਸਿੰਘ, ਕੈਸ਼ੀਅਰ ਧਰਮਿੰਦਰ ਸਿੰਘ, ਵਰਕਸ਼ਾਪ ਪ੍ਰਧਾਨ ਸਤਨਾਮ ਸਿੰਘ ਤੇ ਸਰਪ੍ਰਸਤ ਲਵਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੇ ਚਾਰ ਸਾਲ ਦੇ ਕਾਰਜਕਾਲ ਵਿਚ ਇਕ ਵੀ ਸਰਕਾਰੀ ਬੱਸ ਨਹੀਂ ਪਾਈ ਪੁਰਾਣੀਆਂ ਮੌਜੂਦਾ ਬੱਸਾਂ ਵਿਚੋਂ ਲਗਪਗ 200 ਬੱਸਾਂ ਨੂੰ ਟਾਇਰਾਂ ਸਪੇਅਰਪਾਰਟ ਦੀ ਘਾਟ ਤੋਂ ਡਿਪੂਆਂ ਦਾ ਸ਼ਿਗਾਰ ਬਣਾ ਕੇ ਖੜ੍ਹੀਆਂ ਕੀਤੀਆਂ ਗਈਆਂ ਹਨ ਅਤੇ ਨਾ ਹੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਹੈ | ਇਸ ਮੌਕੇ ਜਰਨਲ ਸਕੱਤਰ ਹਰਦੀਪ ਸਿੰਘ ਧਾਰੀਵਾਲ, ਜਸਦੀਪ ਸੇਖੋ, ਰਣਧੀਰ ਸਿੰਘ ਧੀਰਾ, ਸੁਖਦੀਪ ਸਿੰਘ ਜੀਰਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਸਰਕਾਰ ਦੀਆਂ ਮਾਰੂ ਨੀਤੀਆਂ ਬਾਰੇ ਭੰਡੀ ਪ੍ਰਚਾਰ ਦੇ ਰੂਪ ਵਿਚ ਬੱਸਾਂ ਵਿਚ ਅਤੇ ਬੱਸ ਸਟੈਂਡਾ 'ਤੇ ਪ੍ਰਚਾਰ ਕੀਤਾ ਜਾਵੇ | ਇਸ ਤੋਂ ਪਹਿਲਾਂ ਯੂਨੀਅਨ ਵਲੋਂ ਉਲੀਕੇ ਪ੍ਰੋਗਰਾਮਾਂ ਅਨੁਸਾਰ 10 ਮਈ ਨੂੰ ਟਰਾਂਸਪੋਰਟ ਮੰਤਰੀ ਪੰਜਾਬ ਦੇ ਹਲਕੇ ਵਿਚ ਵਿਸ਼ਾਲ ਰੋਸ ਰੈਲੀ ਕੀਤੀ ਜਾਵੇ, 18 ਮਈ ਨੂੰ ਇਕ ਰੋਜ਼ਾ ਹੜਤਾਲ ਕਰਕੇ ਸਮੂਹ ਵਿਧਾਇਕਾਂ ਦੇ ਘਰਾਂ ਅੱਗੇ ਪ੍ਰਦਰਸ਼ਨ ਕਰਕੇ ਮੰਗ ਪੱਤਰ ਸੌਂਪੇ ਜਾਣਗੇ ਅਤੇ ਫੇਰ 25-26-27 ਮਈ ਨੂੰ ਤਿੰਨ ਰੋਜ਼ਾ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਅੱਗੇ ਧਰਨਾ ਦਿੱਤਾ ਜਾਵੇਗਾ | ਜੇਕਰ ਫੇਰ ਵੀ ਮੰਗਾਂ ਦਾ ਹੱਲ ਨਾ ਕੱਢਿਆ ਗਿਆ ਤਾਂ ਭੰਡੀ ਪ੍ਰਚਾਰ ਸਮੇਤ ਅਣਮਿੱਥੇ ਸਮੇਂ ਦੀ ਹੜਤਾਲ ਅਤੇ ਤਿੱਖੇ ਸੰਘਰਸ਼ ਕੀਤੇ ਜਾਣਗੇ |