ਜੈਤੋ, 28 ਮਈ (ਗੁਰਚਰਨ ਸਿੰਘ ਗਾਬੜੀਆ)-ਜੈਤੋ-ਬਠਿੰਡਾ ਰੇਲਵੇ ਲਾਈਨ 'ਤੇ ਸਥਿਤ ਗੁੱਗਾ ਮਾੜੀ ਮੰਦਰ ਜੈਤੋ ਦੇ ਸਾਹਮਣੇ ਇਕ ਅਣਪਛਾਤੇ 30-35 ਸਾਲਾ ਮੋਨੇ ਵਿਅਕਤੀ ਦੀ ਲਾਸ਼ ਲਾਈਨਾਂ ਦੇ ਵਿਚਕਾਰ ਵਿਚੋਂ ਮਿਲਣ ਦਾ ਪਤਾ ਲੱਗਿਆ ਹੈ | ਸਥਾਨਕ ਜੀ.ਆਰ.ਪੀ. ਪੁਲਿਸ ਚੌਂਕੀ ਦੇ ਇੰਚਾਰਜ ਗੁਰਮੀਤ ਸਿੰਘ ਏ.ਐਸ.ਆਈ. ਅਤੇ ਹਰਜੀਤ ਸਿੰਘ ਏ.ਐਸ.ਆਈ ਨੇ ਦੱਸਿਆ ਕਿ ਲੰਘੀ ਰਾਤ ਕਰੀਬ 11 ਵਜੇ ਪੰਜਾਬ ਮੇਲ ਗੱਡੀ ਦੇ ਡਰਾਈਵਰ ਨੇ ਰੇਲਵੇ ਸਟੇਸ਼ਨ ਜੈਤੋ ਨੂੰ ਸੂਚਿਤ ਕੀਤਾ ਕਿ ਰੇਲਵੇ ਲਾਈਨ ਦੇ ਵਿਚਕਾਰ ਕਿਸੇ ਵਿਅਕਤੀ ਦੀ ਲਾਸ਼ ਪਈ ਹੈ | ਇਹ ਸੂਚਨਾ ਜੀ.ਆਰ.ਪੀ. ਪੁਲਿਸ ਚੌਂਕੀ ਜੈਤੋ ਨੂੰ ਮਿਲੀ ਤਾਂ ਗੁਰਮੀਤ ਸਿੰਘ ਏ.ਐਸ.ਆਈ. ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਅਣਪਛਾਤੇ ਮਿ੍ਤਕ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਆਰੰਭ ਕਰ ਦਿੱਤੀ ਹੈ | ਉਨ੍ਹਾਂ ਦੱਸਿਆ ਮਿ੍ਤਕ ਵਿਅਕਤੀ ਦੀ ਉਮਰ ਕਰੀਬ 30-35 ਸਾਲ ਹੈ, ਕਾਲੇ ਰੰਗ ਦੀ ਟੀ. ਸ਼ਰਟ ਤੇ ਨੀਲੀ ਜੀਨ ਪਾਈ ਹੋਈ ਹੈ | ਉਸ ਦੇ ਸੱਜੇ ਹੱਥ 'ਤੇ ਕਾਲੇ ਸੁਰਮੇ ਨਾਲ ਬਿੱਛੂ ਦਾ ਟੈਟੂ ਅਤੇ ਸੱਜੀ ਬਾਂਹ 'ਤੇ ਸੁਰਮੇ ਨਾਲ ਅੰਗਰੇਜੀ ਵਿਚ ਐਸ.ਪੀ ਲਿਖਿਆ ਹੋਇਆ ਹੈ | ਲਾਸ਼ ਦੀ ਸ਼ਨਾਖ਼ਤ ਨਾ ਹੋਣ ਕਰਕੇ ਲਾਸ਼ ਦੀ ਸ਼ਨਾਖ਼ਤ ਲਈ ਸਿਵਲ ਹਸਪਤਾਲ ਜੈਤੋ ਦੀ ਮੋਰਚਰੀ ਵਿਚ 72 ਘੰਟਿਆਂ ਲਈ ਰੱਖਿਆ ਗਿਆ ਹੈ |