ਫ਼ਰੀਦਕੋਟ, 31 ਮਈ (ਸਰਬਜੀਤ ਸਿੰਘ)-ਸਥਾਨਕ ਪੁਰਾਣੀ ਕੈਂਟ ਰੋਡ 'ਤੇ ਜਾ ਰਹੀ ਇਕ ਔਰਤ ਦੀਆਂ ਕੰਨ ਦੀਆਂ ਵਾਲੀਆਂ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਝਪਟ ਮਾਰ ਕੇ ਖੋਹ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਔਰਤ ਦੁਆਰਾ ਦਿੱਤੀ ਗਈ ਸ਼ਿਕਾਇਤ ਮਿਲਦੇ ਹੀ ਕੀਤੀ ਗਈ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਅਤੇ ਦੋਵਾਂ ਝਪਟਮਾਰਾਂ ਵਿਚੋਂ ਇਕ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਕਥਿਤ ਦੋਸ਼ੀ ਤੋਂ ਖੋਹੀਆਂ ਹੋਈਆਂ ਸੋਨੇ ਦੀਆਂ ਵਾਲੀਆਂ ਬਰਾਮਦ ਕਰ ਲਈਆਂ ਹਨ ਅਤੇ ਬਿਨਾਂ ਨੰਬਰੀ ਇਕ ਮੋਟਰਸਾਈਕਲ ਵੀ ਕਬਜ਼ੇ ਵਿਚ ਲਿਆ ਹੈ, ਜੋ ਕਥਿਤ ਦੋਸ਼ੀਆਂ ਵਲੋਂ ਉਕਤ ਵਾਰਦਾਤ ਵਿਚ ਵਰਤਿਆ ਗਿਆ ਸੀ | ਪੁਲਿਸ ਵਲੋਂ ਦੋਵਾਂ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੂਜੇ ਕਥਿਤ ਦੋਸ਼ੀ ਦੀ ਗਿ੍ਫ਼ਤਾਰੀ ਲਈ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ | ਪ੍ਰਾਪਤ ਸੂਚਨਾ ਅਨੁਸਾਰ ਬਸੰਤੀ ਪਤਨੀ ਰਮੇਸ਼ਵਰ ਦਿਆਲ ਵਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਉਹ ਸਵੇਰੇ ਸੱਤ ਕੁ ਵਜੇ ਉਹ ਦੁੱਧ ਲੈ ਕੇ ਵਾਪਸ ਆਪਣੇ ਘਰ ਗੁਰੂ ਤੇਗ ਬਹਾਦਰ ਨਗਰ ਫ਼ਰੀਦਕੋਟ ਨੂੰ ਪੈਦਲ ਜਾ ਰਹੀ ਸੀ ਤਾਂ ਰਮਨ ਗੋਇਲ ਹਸਪਤਾਲ ਨਜ਼ਦੀਕ ਦੋ ਬਿਨਾਂ ਨੰਬਰੀ ਮੋਟਰਸਾਈਕਲ 'ਤੇ ਸਵਾਰ ਵਿਅਕਤੀਆਂ ਵਲੋਂ ਪਿੱਛੋਂ ਦੀ ਆ ਕੇ ਉਸ ਦੇ ਕੰਨ 'ਚ ਪਾਈਆਂ ਸੋਨੇ ਦੀਆਂ ਵਾਲੀਆਂ ਝਪਟ ਮਾਰ ਕੇ ਖੋਹ ਲਈਆਂ ਅਤੇ ਫ਼ਰਾਰ ਹੋ ਗਏ | ਉਸ ਨੇ ਦੱਸਿਆ ਕਿ ਇਨ੍ਹਾਂ ਵਾਲੀਆਂ ਕੀ ਕੀਮਤ ਲਗਪਗ 45 ਹਜ਼ਾਰ ਰੁਪਏ ਸੀ | ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਝਪਟਮਾਰ ਦੀ ਹੋਈ ਉਕਤ ਵਾਰਦਾਤ ਵਿਚ ਪੁਲਿਸ ਵਲੋਂ ਕਾਰਵਾਈ ਕਰਦੇ ਹੋਏ ਆਸੇ ਪਾਸੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਸੰਦੀਪ ਸਿੰਘ ਪੁੱਤਰ ਗੁਰਦਿੱਤ ਸਿੰਘ ਵਾਸੀ ਕੰਮਆਣਾ ਨੂੰ ਕਾਬੂ ਕਰਕੇ ਉਸ ਪਾਸੋਂ ਕਥਿਤ ਤੌਰ 'ਤੇ ਖੋਹੀਆਂ ਹੋਈਆਂ ਵਾਲੀਆ ਅਤੇ ਇਕ ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਕਰ ਲਿਆ ਹੈ ਅਤੇ ਉਸ ਦੇ ਦੂਜੇ ਸਾਥੀ ਧਰਮਪਾਲ ਵਾਸੀ ਕੰਮੇਆਣਾ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਦੋਵਾਂ ਕਥਿਤ ਦੋਸ਼ੀਆਂ ਖ਼ਿਲਾਫ਼ ਥਾਣਾ ਸਿਟੀ, ਫ਼ਰੀਦਕੋਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ |