ਫ਼ਰੀਦਕੋਟ, 31 ਮਈ (ਸਰਬਜੀਤ ਸਿੰਘ)-ਪਨਬਸ/ਪੰਜਾਬ ਰੋਡਵੇਜ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਫ਼ਰੀਦਕੋਟ ਡੀਪੂ ਵਲੋਂ ਹੰਗਾਮੀ ਮੀਟਿੰਗ ਕੀਤੀ ਗਈ ਅਤੇ ਮੀਟਿੰਗ ਤੋਂ ਬਾਅਦ ਸਮੂਹ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਮੀਟਿੰਗ ਵਿਚ ਜਥੇਬੰਦੀ ਦੇ ਸੈਕਟਰੀ ਹਰਦੀਪ ਸਿੰਘ ਧਾਲੀਵਾਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਵਰਕਰਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਜਿੰਨੇ ਵੀ ਆਊਟ ਸੌਰਸ ਤੇ ਕੰਟਰੈਕਟ 'ਤੇ ਕੰਮ ਕਰਦੇ ਵਰਕਰ ਹਨ ਉਨ੍ਹਾਂ ਨੂੰ ਬਿਨਾਂ ਸ਼ਰਤ ਪਹਿਲ ਦੇ ਆਧਾਰ 'ਤੇ ਰੈਗੂਲਰ ਕੀਤਾ ਜਾਵੇਗਾ ਅਤੇ ਸਰਕਾਰੀ ਮਹਿਕਮਿਆਂ 'ਚਾੋ ਠੇਕੇਦਾਰ ਬਾਹਰ ਕੱਢਿਆ ਜਾਵੇਗਾ ਅਤੇ ਮਹਿਕਮਿਆਂ ਦਾ ਨਿੱਜੀਕਰਨ ਰੋਕਿਆ ਜਾਵੇਗਾ ਪ੍ਰੰਤੂ ਤਕਰੀਬਨ ਸਾਢੇ ਚਾਰ ਸਾਲ ਤੋਂ ਉਪਰ ਦਾ ਸਮਾਂ ਹੋ ਚੁੱਕਿਆ ਹੈ ਤੇ ਸਰਕਾਰ ਨਾਲ ਕਾਫ਼ੀ ਮੀਟਿੰਗਾਂ ਹੋ ਚੁੱਕੀਆਂ ਹਨ ਪ੍ਰੰਤੂ ਸਰਕਾਰ ਦੁਆਰਾ ਲਗਾਤਾਰ ਕੱਚੇ ਵਰਕਰਾਂ ਦੀਆਂ ਮੰਗਾਂ ਨੂੰ ਲਮਕਾਇਆ ਜਾ ਰਿਹਾ ਹੈ | ਇਸ ਮੌਕੇ ਬੋਲਦਿਆਂ ਜਥੇਬੰਦੀ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਰਕਾਰ ਦੁਆਰਾ ਕਿਲੋਮੀਟਰ ਸਕੀਮ ਦੀਆਂ ਬੱਸਾਂ ਦਾ ਟੈਂਡਰ ਕੱਢਿਆ ਗਿਆ ਜਿਸ ਦਾ ਜਥੇਬੰਦੀ ਵਲੋਂ ਵਿਰੋਧ ਕੀਤਾ ਗਿਆ ਤੇ ਵਰਕਰਾਂ 'ਤੇ ਝੂਠੇ ਨਾਜਾਇਜ਼ ਪਰਚੇ ਕਰਕੇ ਜੇਲ੍ਹਾਂ ਵਿਚ ਡੱਕਿਆ ਗਿਆ ਅਤੇ ਤਕਰੀਬਨ 6 ਮਹੀਨਿਆਂ ਤੋਂ ਸਾਥੀ ਜੇਲ੍ਹਾਂ ਵਿਚ ਬੰਦ ਹਨ ਉਨ੍ਹਾਂ ਦੀ ਜਮਾਨਤ ਤੱਕ ਨਹੀਂ ਹੋਣ ਦਿੱਤੀ ਜਾ ਰਹੀ | ਉਨ੍ਹਾਂ ਕਿਹਾ ਕਿ 2 ਜੂਨ ਨੂੰ ਸਰਕਾਰ ਨਾਲ ਹੋਣ ਵਾਲੀ ਪੈਨਲ ਮੀਟਿੰਗ ਵਿਚ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਅਤੇ ਜੇਲ੍ਹਾਂ 'ਚ ਡੱਕੇ ਉਨ੍ਹਾਂ ਦੇ ਸਾਥੀਆਂ ਨੂੰ ਫੌਰੀ ਤੌਰ 'ਤੇ ਰਿਹਾਅ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਨੂੰ ਤੇਜ਼ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ | ਇਸ ਮੌਕੇ ਸਾਥੀ ਧਰਮਿੰਦਰ ਸਿੰਘ, ਖ਼ਜ਼ਾਨਚੀ ਹਰਚਰਨ ਸਿੰਘ, ਲਵਪ੍ਰੀਤ ਸਿੰਘ, ਅਮਨਦੀਪ ਸਿੰਘ ਚੇਅਰਮੈਨ, ਸਤਨਾਮ ਸਿੰਘ ਪ੍ਰਧਾਨ ਵਰਕਸ਼ਾਪ, ਸੁਖਦੀਪ ਸਿੰਘ ਜ਼ੀਰਾ, ਸੁਖਪਾਲ ਸਿੰਘ, ਹਰਪਾਲ ਸਿੰਘ ਆਦਿ ਸਾਥੀ ਹਾਜ਼ਰ ਸਨ |