ਸ੍ਰੀ ਮੁਕਤਸਰ ਸਾਹਿਬ, 11 ਜੂਨ (ਹਰਮਹਿੰਦਰ ਪਾਲ)-ਜ਼ਿਲ੍ਹਾ ਉਦਯੋਗ ਕੇਂਦਰ ਸ੍ਰੀ ਮੁਕਤਸਰ ਸਾਹਿਬ ਦੇ ਜਨਰਲ ਮੈਨੇਜਰ ਦੀਪ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੇ ਟੈਕਸਟਾਈਲ ਮੰਤਰਾਲੇ ਅਧੀਨ ਇੰਡੀਅਨ ਇੰਸਟੀਚਿਊਟ ਆਫ਼ ਹੈਂਡਲੂਮ ਐਂਡ ਟੈਕਸਟਾਈਲ ਟੈਕਨਾਲੋਜੀ ਜੋਧਪੁਰ ਵਿਖੇ ਅਕਾਦਮਿਕ ਸੈਸ਼ਨ 2026-27 ਲਈ ਤਿੰਨ ਸਾਲਾ ਡਿਪਲੋਮਾ ਇਨ ਹੈਂਡਲੂਮ ਐਂਡ ਟੈਕਸਟਾਈਲ ਟੈਕਨਾਲੋਜੀ ਕੋਰਸ ਵਿਚ ਦਾਖ਼ਲਿਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਲਈ ਕੁੱਲ 5 ਸੀਟਾਂ ਰਾਖਵੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ 3 ਸੀਟਾਂ ਪਹਿਲੇ ਸਾਲ ਵਿਚ ਦਾਖ਼ਲੇ ਲਈ ਅਤੇ 2 ਸੀਟਾਂ ਲੈਟਰਲ ਐਂਟਰੀ ਰਾਹੀਂ ਸਿੱਧੇ ਦੂਜੇ ਸਾਲ ਵਿਚ ਦਾਖ਼ਲੇ ਲਈ ਨਿਰਧਾਰਤ ਹਨ | ਇਹ ਕੋਰਸ ਟੈਕਸਟਾਈਲ ਅਤੇ ਹੈਂਡਲੂਮ ਖੇਤਰ ਵਿਚ ਤਕਨੀਕੀ ਹੁਨਰ ਵਿਕਸਿਤ ਕਰਨ ਅਤੇ ਰੁਜ਼ਗਾਰ ਦੇ ਵਧੀਆ ਮੌਕੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ | ਜਨਰਲ ਮੈਨੇਜਰ ਨੇ ਦੱਸਿਆ ਕਿ ਯੋਗ ਵਿਦਿਆਰਥੀਆਂ ਨੂੰ ਨਿਯਮਾਂ ਅਨੁਸਾਰ 2,500 ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ (ਸਾਲ ਵਿਚ 10 ਮਹੀਨਿਆਂ ਲਈ) ਦਿੱਤਾ ਜਾਵੇਗਾ | ਪਹਿਲੇ ਸਾਲ ਵਿਚ ਦਾਖ਼ਲੇ ਲਈ ਉਮੀਦਵਾਰ ਦਾ ਘੱਟੋ-ਘੱਟ ਮੈਟਿ੍ਕ (10ਵੀਂ) 35 ਫ਼ੀਸਦੀ ਅੰਕਾਂ ਨਾਲ ਅਤੇ ਅੰਗਰੇਜ਼ੀ ਵਿਸ਼ੇ ਸਮੇਤ ਪਾਸ ਹੋਣਾ ਲਾਜ਼ਮੀ ਹੈ | ਉਨ੍ਹਾਂ ਅੱਗੇ ਦੱਸਿਆ ਕਿ ਲੈਟਰਲ ਐਂਟਰੀ ਰਾਹੀਂ ਸਿੱਧੇ ਦੂਜੇ ਸਾਲ ਵਿਚ ਦਾਖ਼ਲੇ ਲਈ ਉਮੀਦਵਾਰ ਕੋਲ 10+2 (ਫਿਜ਼ਿਕਸ, ਕੈਮਿਸਟਰੀ ਤੇ ਗਣਿਤ ਵਿਸ਼ਿਆਂ ਨਾਲ) ਜਾਂ ਟੈਕਸਟਾਈਲ ਨਾਲ ਸੰਬੰਧਿਤ ਵੋਕੇਸ਼ਨਲ ਕੋਰਸ ਜਾਂ ਮੈਟਿ੍ਕ ਦੇ ਨਾਲ ਦੋ ਸਾਲਾਂ ਆਈ.ਟੀ.ਆਈ. ਯੋਗਤਾ ਹੋਣੀ ਚਾਹੀਦੀ ਹੈ | ਜਨਰਲ ਮੈਨੇਜਰ ਨੇ ਜ਼ਿਲ੍ਹੇ ਦੇ ਵਿਦਿਆਰਥੀਆਂ, ਮਾਪਿਆਂ, ਸਕੂਲਾਂ, ਕਾਲਜਾਂ, ਆਈ.ਟੀ.ਆਈਜ਼., ਪਾਲੀਟੈਕਨਿਕ ਸੰਸਥਾਵਾਂ, ਟੈਕਸਟਾਈਲ ਇਕਾਈਆਂ ਤੇ ਉਦਯੋਗਿਕ ਐਸੋਸੀਏਸ਼ਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੁਨਹਿਰੀ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਯੋਗ ਉਮੀਦਵਾਰਾਂ ਨੂੰ ਇਸ ਕੋਰਸ ਲਈ ਅਰਜ਼ੀ ਦੇਣ ਲਈ ਪ੍ਰੇਰਿਤ ਕਰਨ | ਉਨ੍ਹਾਂ ਦੱਸਿਆ ਕਿ ਦਾਖ਼ਲੇ ਨਾਲ ਸੰਬੰਧਿਤ ਵਿਸਥਾਰਪੂਰਵਕ ਜਾਣਕਾਰੀ ਅਤੇ ਅਰਜ਼ੀ ਫਾਰਮ ਜ਼ਿਲ੍ਹਾ ਉਦਯੋਗ ਕੇਂਦਰ ਸ੍ਰੀ ਮੁਕਤਸਰ ਸਾਹਿਬ ਤੋਂ ਦਫ਼ਤਰੀ ਸਮੇਂ ਦੌਰਾਨ ਪ੍ਰਾਪਤ ਕੀਤੇ ਜਾ ਸਕਦੇ ਹਨ |