ਮੁਕਤਸਰ-ਸਾਦਿਕ-ਫ਼ਿਰੋਜ਼ਪੁਰ ਹਾਈਵੇਅ ਸੜਕ ਦਾ ਕੰਮ ਅਜੇ ਵੀ ਪਿਆ ਅਧੂਰਾ
ਸਾਦਿਕ, 8 ਸਤੰਬਰ (ਗੁਰਭੇਜ ਸਿੰਘ ਚੌਹਾਨ)-ਸਾਦਿਕ-ਫ਼ਿਰੋਜ਼ਪੁਰ, ਸਾਦਿਕ-ਸ੍ਰੀ ਮੁਕਤਸਰ ਸਾਹਿਬ ਨੂੰ ਮਿਲਾਉਣ ਵਾਲੀ ਹਾਈਵੇਅ ਸੜਕ ਦਾ ਨਿਰਮਾਣ ਪਿਛਲੇ ਦੋ ਸਾਲ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਹੈ। ਇਸ ਸੜਕ ਨੂੰ ਟੋਟਿਆਂ ਦੇ ਰੂਪ ’ਚ ਬਣਾ ਕੇ ਭਾਵੇਂ ਆਵਾਜਾਈ ਤਾਂ ਚੱਲਦੀ ਕਰ ਦਿੱਤੀ ਗਈ ਸੀ ਪਰ ਅਜੇ ਵੀ ਇਸ ਨੂੰ ਮੁਕੰਮਲ ਕਰਨ ਵਿਚ ਬਹੁਤ ਦੇਰੀ ਹੋ ਰਹੀ ਹੈ।
ਸਾਦਿਕ, 8 ਸਤੰਬਰ (ਗੁਰਭੇਜ ਸਿੰਘ ਚੌਹਾਨ)-ਸਾਦਿਕ-ਫ਼ਿਰੋਜ਼ਪੁਰ, ਸਾਦਿਕ-ਸ੍ਰੀ ਮੁਕਤਸਰ ਸਾਹਿਬ ਨੂੰ ਮਿਲਾਉਣ ਵਾਲੀ ਹਾਈਵੇਅ ਸੜਕ ਦਾ ਨਿਰਮਾਣ ਪਿਛਲੇ ਦੋ ਸਾਲ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਹੈ। ਇਸ ਸੜਕ ਨੂੰ ਟੋਟਿਆਂ ਦੇ ਰੂਪ ’ਚ ਬਣਾ ਕੇ ਭਾਵੇਂ ਆਵਾਜਾਈ ਤਾਂ ਚੱਲਦੀ ਕਰ ਦਿੱਤੀ ਗਈ ਸੀ ਪਰ ਅਜੇ ਵੀ ਇਸ ਨੂੰ ਮੁਕੰਮਲ ਕਰਨ ਵਿਚ ਬਹੁਤ ਦੇਰੀ ਹੋ ਰਹੀ ਹੈ। ਸਾਦਿਕ ਸ਼ਹਿਰ ਵਿਚ ਵੰਨ ਵੇਅ ਬਣਾਇਆ ਗਿਆ ਹੈ ਪਰ ਡਿਵਾਈਡਰ ਬਣਾਉਣਾ ਅਜੇ ਬਾਕੀ ਹੈ। ਜਿਹੜਾ ਬਾਰਿਸ਼ ਦੇ ਪਾਣੀ ਲਈ ਨਿਕਾਸੀ ਨਾਲਾ ਦੋਵੇਂ ਪਾਸੇ ਬਣਾਇਆ ਗਿਆ ਸੀ ਉਹ ਵੀ ਕਈ ਥਾਵਾਂ ਤੋਂ ਬੰਦ ਪਿਆ ਹੈ ਅਤੇ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ। ਸਾਦਿਕ ਤੋਂ ਸ੍ਰੀ ਮੁਕਤਸਰ ਸਾਹਿਬ ਵਾਲੇ ਪਾਸੇ ਨੂੰ ਕੁਝ ਕੱਸੀਆਂ ’ਤੇ ਅਜੇ ਪੁਲ ਬਣਨੇ ਬਾਕੀ ਹਨ ਅਤੇ ਜਿੰਨੇ ਕੱਸੀਆਂ ਅਤੇ ਸੇਮ ਨਾਲਿਆਂ ’ਤੇ ਪੁਲ ਬਣ ਚੁੱਕੇ ਹਨ, ਉੱਥੇ ਪੁਲਾਂ ਦੇ ਦੋਵੇਂ ਪਾਸੇ ਅਜੇ ਸੜਕ ਨਹੀਂ ਬਣਾਈ ਗਈ ਅਤੇ ਰਸਤੇ ਕੱਚੇ ਹੀ ਹਨ। ਜਦੋਂ ਕਿ ਸੜਕ ਬਣਾਉਣ ਵਿਚ ਕੋਈ ਅੜਿੱਕਾ ਨਹੀਂ ਪਰ ਫਿਰ ਵੀ ਘੱਟੋ ਘੱਟ 7-8 ਪੁਲਾਂ ਦੇ ਦੋਵੇਂ ਪਾਸੇ ਉੱਖੜ ਬੈੜੇ ਅਤੇ ਉੱਡਦੀ ਧੂੜ ਵਾਲੇ ਕੱਚੇ ਰਸਤੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ। ਸਾਦਿਕ ਤੋਂ ਸ੍ਰੀ ਮੁਕਤਸਰ ਸਾਹਿਬ ਦਾ ਰਸਤਾ 30 ਮਿੰਟ ਦਾ ਹੈ ਪਰ ਹਰ ਛੋਟੇ ਵੱਡੇ ਵਹੀਕਲ ਨੂੰ ਇਕ ਘੰਟੇ ਦਾ ਸਮਾਂ ਲੱਗ ਜਾਂਦਾ ਹੈ। ਸ੍ਰੀ ਮੁਕਤਸਰ ਸਾਹਿਬ ਦੇ ਨੇੜੇ ਜਾਕੇ ਲਗਪਗ 2 ਕਿਲੋਮੀਟਰ ਸੜਕ ’ ਤੇ ਮੋਟੀ ਬੱਜਰੀ ਪਾ ਕੇ ਉਸਨੂੰ ਛੱਡ ਦਿੱਤਾ ਗਿਆ ਹੈ ਅਤੇ ਉਸ ਰਸਤੇ ਵਿਚ ਵੱਡੇ ਵੱਡੇ ਖੱਡੇ ਬਣੇ ਹੋਏ ਹਨ। ਇਸੇ ਤਰਾਂ ਸਾਦਿਕ ਤੋਂ ਫ਼ਿਰੋਜ਼ਪੁਰ ਵਾਲੇ ਪਾਸੇ ਲੰਘਦੀ 2 ਆਰ ਮਾਈਨਰ ਕੱਸੀ ’ਤੇ ਪੁਲ ਬਣ ਚੁੱਕਾ ਹੈ ਪਰ ਉਸਦੇ ਵੀ ਦੋਵੇਂ ਪਾਸੇ ਪ੍ਰੀਮਿਕਸ ਨਹੀਂ ਪਾਇਆ ਅਤੇ ਬਿਨਾਂ ਲੁੱਕ ਪਾਏ ਬੱਜਰੀ ਖਿਲਾਰਕੇ ਡੰਗ ਟਿਪਾਊ ਰਸਤਾ ਬਣਾਕੇ ਛੱਡਿਆ ਹੋਇਆ ਹੈ ਅਤੇ ਇਸ ਪਾਸੇ ਫ਼ਿਰੋਜ਼ਪੁਰ ਤੱਕ ਅਜੇ ਕਈ ਥਾਵਾਂ ’ਤੇ ਕੰਮ ਅਧੂਰਾ ਹੀ ਪਿਆ ਹੈ। ਜਿਸ ਹੌਲੀ ਰਫਤਾਰ ਨਾਲ ਇਸ ਸੜਕ ਦਾ ਕੰਮ ਚੱਲ ਰਿਹਾ, ਇਸ ਹਿਸਾਬ ਨਾਲ ਜਿਹੜੀ ਟੋਟਿਆਂ ਵਿਚ ਸੜਕ ਬਣਾਈ ਗਈ ਹੈ ਉਹ ਇਸਦੇ ਮੁਕੰਮਲ ਹੋਣ ਤੱਕ ਮੁੜ ਰਿਪੇਅਰ ਕਰਨ ਵਾਲੀ ਹੋ ਜਾਣੀ ਹੈ। ਇਲਾਕਾ ਨਿਵਾਸੀਆਂ ਦੀ ਮੰਗ ਹੈ ਕਿ ਇਸ ਸੜਕ ਨੂੰ ਜਲਦੀ ਤੋਂ ਜਲਦੀ ਮੁਕੰਮਲ ਕੀਤਾ ਜਾਵੇ, ਕਿਉਂਕਿ ਅੱਗੇ ਝੋਨੇ ਦੀ ਫਸਲ ਆ ਰਹੀ ਹੈ । ਕਿਸਾਨਾਂ ਨੇ ਆਪਣੀ ਫਸਲ ਦੀ ਢੋਆ ਢੁਆਈ ਕਰਨੀ ਹੈ ਅਤੇ ਇਸ ਤਰਾਂ ਅਧੂਰੀ ਸੜਕ ਵਜ਼ਨਦਾਰ ਵਹੀਕਲਾਂ ਦੇ ਹਾਦਸਿਆਂ ਦਾ ਕਾਰਨ ਬਣਦੀ ਹੈ। ਇਸ ਰਸਤੇ ’ਤੇ ਤੂੜੀ ਅਤੇ ਪਰਾਲੀ ਢੋਣ ਵਾਲੇ ਟਰਾਲੀਆਂ ਟਰਾਲੇ ਵੀ ਸੀਜਨ ਵਿਚ ਬਹੁਤ ਚੱਲਦੇ ਹਨ ਅਤੇ ਰਸਤੇ ਵਿਚ ਅਕਸਰ ਪਲਟ ਵੀ ਜਾਂਦੇ ਹਨ।