ਪਿੰਡ ਰੋੜੀਕਪੂਰਾ ਵਿਖੇ ਜੈਤੋ ਰਜਬਾਹੇ ’ਚ ਪਿਆ ਪਾੜ, ਕਈ ਏਕੜ ਝੋਨੇ ਦੀ ਫ਼ਸਲ ਪ੍ਰਭਾਵਿਤ
ਜੈਤੋ, 10 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)-ਪਿੰਡ ਰੋੜੀਕਪੂਰਾ ਵਿਖੇ ਰਾਮੇਆਣਾ ਪਿੰਡ ਦੀ ਹੱਦ ਨੇੜੇ ਜੈਤੋ ਰਜਵਾਹੇ ਦੇ ਸੱਜੇ ਪਟੜੇ ’ਚ ਪਾੜ ਪੈ ਜਾਣ ਕਾਰਨ ਖੇਤਾਂ ਵਿਚ ਪਾਣੀ ਭਰ ਜਾਣ ਨਾਲ ਕਿਸਾਨਾਂ ਦੀ ਝੋਨੇ ਦੀ ਫ਼ਸਲ ਪ੍ਰਭਾਵਿਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਸ਼ੁਰੂ ਵਿਚ ਪਏ ਪਾੜ ਨੇ ਕੁਝ ਹੀ ਸਮੇਂ ਵਿਚ ਵਿਕਰਾਲ ਰੂਪ ਧਾਰਨ ਕਰਦਿਆਂ ਕਰੀਬ 35 ਫੁੱਟ ਦਾ ਪਾੜ ਬਣਾ ਦਿੱਤਾ, ਜਿਸ ਕਾਰਨ ਵੱਡੀ ਮਾਤਰਾ ਵਿਚ ਰਜਵਾਹੇ ਦਾ ਪਾਣੀ ਖੇਤਾਂ ਵਿਚ ਦਾਖ਼ਲ ਹੋ ਗਿਆ।
ਜੈਤੋ, 10 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)-ਪਿੰਡ ਰੋੜੀਕਪੂਰਾ ਵਿਖੇ ਰਾਮੇਆਣਾ ਪਿੰਡ ਦੀ ਹੱਦ ਨੇੜੇ ਜੈਤੋ ਰਜਵਾਹੇ ਦੇ ਸੱਜੇ ਪਟੜੇ ’ਚ ਪਾੜ ਪੈ ਜਾਣ ਕਾਰਨ ਖੇਤਾਂ ਵਿਚ ਪਾਣੀ ਭਰ ਜਾਣ ਨਾਲ ਕਿਸਾਨਾਂ ਦੀ ਝੋਨੇ ਦੀ ਫ਼ਸਲ ਪ੍ਰਭਾਵਿਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਸ਼ੁਰੂ ਵਿਚ ਪਏ ਪਾੜ ਨੇ ਕੁਝ ਹੀ ਸਮੇਂ ਵਿਚ ਵਿਕਰਾਲ ਰੂਪ ਧਾਰਨ ਕਰਦਿਆਂ ਕਰੀਬ 35 ਫੁੱਟ ਦਾ ਪਾੜ ਬਣਾ ਦਿੱਤਾ, ਜਿਸ ਕਾਰਨ ਵੱਡੀ ਮਾਤਰਾ ਵਿਚ ਰਜਵਾਹੇ ਦਾ ਪਾਣੀ ਖੇਤਾਂ ਵਿਚ ਦਾਖ਼ਲ ਹੋ ਗਿਆ। ਇਸ ਸਬੰਧੀ ਕਿਸਾਨ ਆਗੂ ਜਸਕਰਨ ਸਿੰਘ ਜੱਸਾ ਬਰਾੜ ਅਤੇ ਸਾਬਕਾ ਸਰਪੰਚ ਗੁਰਮੇਲ ਸਿੰਘ ਬਰਾੜ ਨੇ ਦੱਸਿਆ ਕਿ ਰਜਵਾਹੇ ਵਿਚ ਇਸ ਤੋਂ ਪਹਿਲਾਂ ਵੀ ਪਾੜ ਪਿਆ ਸੀ, ਜਿਸ ਨੂੰ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਆਰਜ਼ੀ ਤੌਰ ’ਤੇ ਪੂਰ ਦਿੱਤਾ ਸੀ ਪਰ ਪਾਣੀ ਦਾ ਦਬਾਅ ਅਤੇ ਤੇਜ਼ ਵਹਾਅ ਜ਼ਿਆਦਾ ਹੋਣ ਕਾਰਨ ਮੁੜ ਪਟੜਾ ਟੁੱਟ ਗਿਆ ਅਤੇ ਪਾਣੀ ਤੇਜ਼ੀ ਨਾਲ ਖੇਤਾਂ ਵੱਲ ਵਹਿ ਗਿਆ। ਸਾਬਕਾ ਪੰਚ ਜਸਵਿੰਦਰ ਸਿੰਘ ਘੱਪਾ ਭਾਊ, ਲਾਲੀ ਬਰਾੜ ਅਤੇ ਸਿੰਮੀ ਬਰਾੜ ਨੇ ਦੱਸਿਆ ਕਿ ਰਜਵਾਹੇ ਦੇ ਪਾਣੀ ਨਾਲ ਸੁਖਜਿੰਦਰ ਸਿੰਘ ਪੁੱਤਰ ਸਵ. ਅਜੀਤ ਸਿੰਘ ਵਲੋਂ ਠੇਕੇ ’ਤੇ ਲਈ 18 ਏਕੜ, ਹਰਚਰਨ ਸਿੰਘ ਬਿੰਦੂ ਮਿਸਤਰੀ ਪੁੱਤਰ ਮੈਂਗਲ ਸਿੰਘ ਵਲੋਂ ਠੇਕੇ ’ਤੇ ਲਈ 18 ਏਕੜ ਅਤੇ ਕੇਵਲ ਸਿੰਘ ਤੇ ਸਿਕੰਦਰ ਸਿੰਘ ਵਲੋਂ ਠੇਕੇ ’ਤੇ ਲਈ ਕਰੀਬ 8 ਏਕੜ ਝੋਨੇ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਉਨ੍ਹਾਂ ਦੱਸਿਆ ਕਿ ਖੇਤਾਂ ਵਿਚ ਪਾਣੀ ਭਰ ਜਾਣ ਕਾਰਨ ਝੋਨੇ ਦੀ ਫ਼ਸਲ ਦੇ ਭਾਰੀ ਨੁਕਸਾਨ ਦਾ ਖ਼ਦਸ਼ਾ ਹੈ। ਜੇਕਰ ਪਾਣੀ ਲੰਮੇ ਸਮੇਂ ਤੱਕ ਖੜ੍ਹਾ ਰਹਿੰਦਾ ਹੈ ਤਾਂ ਫ਼ਸਲ ਨੂੰ ਹੋਰ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪਾਣੀ ਵਹਾਣ ਬੰਦ ਨਾ ਹੋਣ ਕਾਰਨ ਝੋਨੇ ਦੀ ਫ਼ਸਲ ਵਧੇਰੇ ਹੋਣ ਦਾ ਡਰ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਕਿਸਾਨ ਸੁਖਜਿੰਦਰ ਸਿੰਘ ਪੁੱਤਰ ਸਵ. ਅਜੀਤ ਸਿੰਘ ਦੀ ਪਿਛਲੇ ਸਾਲ ਮੂੰਗੀ ਦੀ ਫ਼ਸਲ ਵੀ ਕੁਦਰਤੀ ਪਾਣੀ ਦੀ ਮਾਰ ਕਾਰਨ ਪ੍ਰਭਾਵਿਤ ਹੋਈ ਸੀ ਅਤੇ ਹੁਣ ਮੁੜ ਝੋਨੇ ਦੀ ਫ਼ਸਲ ਦੇ ਨੁਕਸਾਨ ਨੇ ਉਸ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ। ਇਸ ਸਬੰਧੀ ਨਹਿਰੀ ਵਿਭਾਗ ਦੇ ਜੇ.ਸੀ. ਨਵਨੀਤ ਸਿੰਘ ਬਾਠ ਨੇ ਦੱਸਿਆ ਕਿ ਰਜਵਾਹੇ ਦੇ ਸੱਜੇ ਪਟੜੇ ’ਤੇ ਖੱਡ ਪੈਣ ਕਾਰਨ ਪਾੜ ਪਿਆ ਹੈ। ਪਾੜ ਨੂੰ ਰੋਕਣ ਲਈ ਵਿਭਾਗ ਵਲੋਂ ਰਜਵਾਹੇ ਵਿਚ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਾਣੀ ਦਾ ਵਹਾਅ ਬੰਦ ਹੋਣ ਉਪਰੰਤ ਸਵੇਰ ਤੱਕ ਪਾੜ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਮੁਆਵਜ਼ੇ ਦੀ ਮੰਗ ਕਰਦਿਆਂ ਸਾਬਕਾ ਸਰਪੰਚ ਗੁਰਮੇਲ ਸਿੰਘ ਬਰਾੜ, ਬਲਾਕ ਸੰਮਤੀ ਮੈਂਬਰ ਕਸ਼ਮੀਰ ਸਿੰਘ ਕਾਲਾ ਢਿੱਲੋਂ, ਕਿਸਾਨ ਆਗੂ ਜਸਕਰਨ ਸਿੰਘ ਜੱਸਾ ਬਰਾੜ, ਸਰਪੰਚ ਜਸਕਰਨ ਸਿੰਘ ਬਰਾੜ, ਸਰਪੰਚ ਅਰਵਿੰਦਰ ਸਿੰਘ ਬਿੰਦਰ ਬਰਾੜ, ਸੰਦੀਪ ਸਿੰਘ ਨੰਬਰਦਾਰ ਅੰਮ੍ਰਿਤਪਾਲ ਸਿੰਘ ਬਰਾੜ ਸਰਬਜੀਤ ਸਿੰਘ ਮਾਨ, ਸਿਕੰਦਰ ਸਿੰਘ, ਸੋਨੀ ਮਿਸਤਰੀ ਸਮੇਤ ਪਿੰਡ ਦੇ ਮੋਹਤਬਰਾਂ ਨੇ ਪੰਜਾਬ ਸਰਕਾਰ ਅਤੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਰਜਵਾਹੇ ਦੇ ਪਾੜ ਨੂੰ ਸਿਰਫ਼ ਆਰਜ਼ੀ ਤੌਰ ’ਤੇ ਪੂਰਨ ਦੀ ਬਜਾਏ ਪੱਕੇ ਤੌਰ ’ਤੇ ਮਜ਼ਬੂਤ ਕਰਕੇ ਬੰਦ ਕੀਤਾ ਜਾਵੇ। ਇਸ ਦੇ ਨਾਲ ਹੀ ਪ੍ਰਭਾਵਿਤ ਖੇਤਾਂ ਦਾ ਤੁਰੰਤ ਸਰਵੇ ਕਰਵਾ ਕੇ ਫ਼ਸਲ ਦੇ ਹੋਏ ਨੁਕਸਾਨ ਦੀ ਰਿਪੋਰਟ ਤਿਆਰ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।