ਅਟਾਰੀ ਸਰਹੱਦ (ਅੰਮਿ੍ਤਸਰ), 31 ਦਸੰਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਪਹਿਲਗਾਮ ਸ੍ਰੀਨਗਰ ਵਿਖੇ ਹੋਏ ਹਮਲੇ ਦੌਰਾਨ ਬੇਕਸੂਰ ਮਾਰੇ ਗਏ ਭਾਰਤੀਆਂ ਦੇ ਹੱਕ ਵਿਚ ਖੜੇ੍ਹ ਹੁੰਦਿਆਂ ਭਾਰਤ ਸਰਕਾਰ ਵਲੋਂ ਗੁਆਂਢੀ ਮੁਲਕ ਪਾਕਿਸਤਾਨ ਨਾਲ ਸਾਰੇ ਨਾਤੇ ਤੋੜੇ ਜਾਣ ਤੋਂ ਬਾਅਦ ਅਟਾਰੀ ਸਰਹੱਦ 'ਤੇ ਭਾਰਤੀ ਖੇਤਰ ਅੰਦਰ ਮਜ਼ਦੂਰ ਕੁਲੀ ਦਾ ਕੰਮ ਕਰਦੇ 1500 ਦੇ ਕਰੀਬ ਮਜ਼ਦੂਰਾਂ ਨੂੰ ਰੋਜ਼ੀ ਰੋਟੀ ਕਮਾਉਣ ਤੋਂ ਆਤੁਰ ਹੋਣਾ ਪਿਆ ਹੈ | ਇਸ ਦੌਰਾਨ ਹੀ ਭਾਰਤ ਅਤੇ ਅਫਗਾਨਿਸਤਾਨ ਦੇਸ਼ਾਂ ਦਰਮਿਆਨ ਅਫਗਾਨਿਸਤਾਨ ਵਾਲੇ ਪਾਸਿਓਾ ਸੜਕ ਰਾਹੀਂ ਪਾਕਿਸਤਾਨ ਤੋਂ ਡਰਾਈ ਫਰੂਟ ਤੇ ਤਾਜ਼ਾ ਫਰੂਟ ਜਿਸ ਵਿਚ ਸੇਬ, ਅੰਗੂਰ, ਅਨਾਰ ਸਮੇਤ ਹੋਰ ਕਈ ਫਲ ਫਰੂਟ ਉਧਰੋਂ ਇਧਰ ਆ ਰਹੇ ਸਨ ਪਰ ਸਮੁੱਚੇ ਵਪਾਰ ਦੇ ਸਾਮਾਨ ਲਈ ਆਪਣਾ ਰਸਤਾ ਬੰਦ ਕਰ ਦਿੱਤਾ ਗਿਆ ਸੀ | ਇਸ ਦੌਰਾਨ ਹੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਨਾਰੋਵਾਲ ਦੇ ਦਰਸ਼ਨ ਦੀਦਾਰਿਆਂ ਲਈ ਡੇਰਾ ਬਾਬਾ ਨਾਨਕ ਕੋਰੀਡੋਰ ਰਸਤੇ ਭਾਰਤ ਤੋਂ ਦਰਸ਼ਨਾਂ ਲਈ ਪਾਕਿਸਤਾਨ ਜਾਣ ਵਾਲੀਆਂ ਸੰਗਤਾਂ ਦਾ ਰਸਤਾ ਵੀ ਕੁਝ ਦਿਨਾਂ ਬਾਅਦ ਹੀ ਬੰਦ ਕੀਤਾ ਗਿਆ ਸੀ ਤੇ ਦਰਸ਼ਨ ਦੀਦਾਰਿਆਂ ਤੋਂ ਵਾਂਝੇ ਅੱਜ ਵੀ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਇਸ ਰਸਤੇ ਦੀ ਖੁੱਲਣ ਦੀ ਉਡੀਕ ਵਿਚ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰ ਰਹੀਆਂ ਹਨ | ਪਹਿਲਗਾਮ ਹਮਲੇ ਤੋਂ ਬਾਅਦ ਪਹਿਲੀ ਵਾਰੀ ਹੋਇਆ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਾਹੌਰ ਵਿਖੇ ਮਨਾਉਣ ਮੌਕੇ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਪਾਕਿਸਤਾਨ ਜਾਣ ਲਈ ਇਜਾਜ਼ਤ ਨਹੀਂ ਦਿੱਤੀ ਗਈ ਸੀ ਪਰ ਇਸ ਤੋਂ ਉਪਰੰਤ ਸਿੱਖ ਆਗੂਆਂ ਵਲੋਂ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਜਥਾ ਭੇਜਣ ਲਈ ਭੇਜੀਆਂ ਗਈਆਂ ਅਪੀਲਾਂ 'ਤੇ ਗੌਰ ਕਰਦਿਆਂ ਭਾਰਤ ਸਰਕਾਰ ਨੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭਾਰਤੀ ਸ਼ਰਧਾਲੂਆਂ ਨੂੰ ਉਚੇਚੇ ਤੌਰ ਤੇ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਜਾਣ ਦੀ ਆਗਿਆ ਦੇ ਦਿੱਤੀ | ਹਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਦੀ ਸਾਂਝੀ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਵਿਖੇ ਰੋਜ਼ਾਨਾ ਸ਼ਾਮ ਹੁੰਦੀ ਝੰਡੇ ਦੀ ਰਸਮ ਰੀਟਰੀਟ ਮੌਕੇ ਦੋਵੇਂ ਦੇਸ਼ਾਂ ਦਾ ਕੌਮਾਂਤਰੀ ਝੰਡਾ ਬੀ.ਐਸ.ਐਫ. ਅਤੇ ਪਾਕਿਸਤਾਨ ਰੇਂਜਰਾਂ ਵਲੋਂ ਦੋਵੇਂ ਦੇਸ਼ਾਂ ਦੇ ਸਰਹੱਦੀ ਗੇਟ ਬੰਦ ਕਰਕੇ ਉਤਾਰਿਆ ਜਾ ਰਿਹਾ ਹੈ ਜੋ ਅੱਜ ਵੀ ਜਾਰੀ ਹੈ |