ਚੰਡੀਗੜ੍ਹ, 31 ਦਸੰਬਰ (ਪ੍ਰੋ. ਅਵਤਾਰ ਸਿੰਘ)-ਨਵੇਂ ਸਾਲ 2026 'ਚ ਪੁਲਿਸ ਦੀ ਕਾਰਜ-ਕੁਸ਼ਲਤਾ ਨੂੰ ਵਧਾਉਣ ਲਈ ਵਿਆਪਕ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾਵੇਗਾ ਅਤੇ ਸੂਬਾ ਸਰਕਾਰ ਨੇ ਅਗਲੇ ਤਿੰਨ ਸਾਲਾਂ 'ਚ 426 ਕਰੋੜ ਰੁਪਏ ਦੀ ਲਾਗਤ ਵਾਲੇ ਮੈਗਾ ਪੁਲਿਸ ਬਿਲਡਿੰਗ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਸ 'ਚ ਮੁਹਾਲੀ ਦੇ ਫੇਜ਼-4 ਵਿਖੇ ਸਾਈਬਰ ਕ੍ਰਾਈਮ ਡਵੀਜ਼ਨ ਲਈ ਨਵਾਂ ਹੈੱਡਕੁਆਰਟਰ, ਸੈਕਟਰ-89 'ਚ 52 ਕਰੋੜ ਦੀ ਲਾਗਤ ਨਾਲ ਡਾਇਲ 112 ਸੈਂਟਰਲ ਕੰਟਰੋਲ ਰੂਮ ਦੀ ਇਮਾਰਤ ਤੇ 50 ਕਰੋੜ ਦੀ ਲਾਗਤ ਨਾਲ ਨਵੇਂ ਵਾਹਨ ਖ਼ਰੀਦੇ ਜਾਣਗੇ | ਇਸ 'ਚ ਨਵਾਂਸ਼ਹਿਰ ਅਤੇ ਮਲੇਰਕੋਟਲਾ ਜ਼ਿਲਿ੍ਹਆਂ 'ਚ ਨਵੀਆਂ ਪੁਲਿਸ ਲਾਈਨਾਂ ਤੇ 11 ਨਵੀਆਂ ਪੁਲਿਸ ਸਟੇਸ਼ਨਾਂ ਦੀਆਂ ਇਮਾਰਤਾਂ ਵੀ ਸ਼ਾਮਿਲ ਹਨ | ਇਸ ਤੋਂ ਇਲਾਵਾ ਲੁਧਿਆਣਾ, ਫ਼ਿਰੋਜ਼ਪੁਰ ਅਤੇ ਜਲੰਧਰ 'ਚ ਨਵੇਂ ਏ.ਐਨ.ਟੀ.ਐਫ. ਰੇਂਜ ਦਫ਼ਤਰ ਖੋਲ੍ਹੇ ਜਾਣਗੇ ਅਤੇ ਮੌਜੂਦਾ ਦਫ਼ਤਰਾਂ ਨੂੰ ਆਧੁਨਿਕ ਯੰਤਰਾਂ ਅਤੇ ਫੋਰੈਂਸਿਕ ਟੂਲਜ਼ ਨਾਲ ਅੱਪਗ੍ਰੇਡ ਕੀਤਾ ਜਾਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੰਡੀਗੜ੍ਹ ਦੇ ਸੈਕਟਰ-32 ਸਥਿਤ ਪੰਜਾਬ ਪੁਲਿਸ ਆਫ਼ਿਸਰਜ਼ ਇੰਸਟੀਚਿਊਟ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਕੀਤਾ | ਉਨ੍ਹਾਂ ਪੰਜਾਬ ਪੁਲਿਸ ਲਈ ਮਹੱਤਵਪੂਰਨ ਅਤੇ ਤਕਨਾਲੋਜੀ-ਆਧਾਰਿਤ 'ਵਿਜ਼ਨ-2026' ਦੀ ਰੂਪ-ਰੇਖਾ ਪੇਸ਼ ਕਰਦਿਆਂ ਕਿਹਾ ਕਿ ਇਸ ਵਿਜ਼ਨ ਤਹਿਤ ਡਾਇਲ 112 ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ ਨੂੰ ਹੋਰ ਵਧੇਰੇ ਕਾਰਗਰ ਬਣਾਉਣਾ ਸ਼ਾਮਿਲ ਹੈ | ਉਨ੍ਹਾਂ ਕਿਹਾ ਕਿ ਸਾਡਾ ਟੀਚਾ ਮੌਜੂਦਾ ਔਸਤਨ ਰਿਸਪਾਂਸ ਟਾਈਮ ਨੂੰ 12-13 ਮਿੰਟਾਂ ਤੋਂ ਘਟਾ ਕੇ ਸਿਰਫ਼ 7-8 ਮਿੰਟ ਕਰਨਾ ਹੈ | ਇਸ ਦੇ ਨਾਲ ਹੀ ਪੰਜਾਬ ਭਰ ਦੇ ਜ਼ਿਲ੍ਹਾ ਕੰਟਰੋਲ ਰੂਮਾਂ ਨੂੰ ਵੀ 25 ਕਰੋੜ ਰੁਪਏ ਦੇ ਨਿਵੇਸ਼ ਨਾਲ ਅੱਪਗ੍ਰੇਡ ਕੀਤਾ ਜਾ ਰਿਹਾ ਹੈ ਤਾਂ ਜੋ ਨਿਰਵਿਘਨ ਤਾਲਮੇਲ ਅਤੇ ਕਿਸੇ ਵੀ ਘਟਨਾ ਦੇ ਫੌਰੀ ਪ੍ਰਬੰਧਨ ਨੂੰ ਯਕੀਨੀ ਬਣਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਸਰਹੱਦੀ ਸੁਰੱਖਿਆ ਲਈ ਦੂਜੀ ਸੁਰੱਖਿਆ ਕਤਾਰ 'ਚ 49.58 ਕਰੋੜ ਰੁਪਏ ਦੀ ਲਾਗਤ ਨਾਲ ਅੰਤਰਰਾਸ਼ਟਰੀ ਸਰਹੱਦ ਦੇ ਨਾਲ 585 ਥਾਵਾਂ 'ਤੇ 2367 ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣਗੇ, ਜੋ ਕਿ ਪੁਲਿਸ ਦੇ ਕੰਮਕਾਜ ਨੂੰ ਹੋਰ ਮਜ਼ਬੂਤੀ ਦੇਣਗੇ | ਐਂਟੀ-ਡਰੋਨ ਸਿਸਟਮ ਫਲੀਟ ਨੂੰ ਮੌਜੂਦਾ 3 ਕਾਰਜਸ਼ੀਲ ਪ੍ਰਣਾਲੀਆਂ ਤੋਂ ਵਧਾ ਕੇ 6 ਤੱਕ ਕੀਤਾ ਜਾਵੇਗਾ ਅਤੇ ਪੜਾਅਵਾਰ ਢੰਗ ਨਾਲ ਬਾਅਦ 'ਚ 10 ਹੋਰਨਾਂ ਦੀ ਖ਼ਰੀਦ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਡਰੋਨ ਰਿਸਪਾਂਸ ਟੀਮਾਂ ਨੂੰ ਵੀ ਕੰਮ 'ਚ ਲਗਾਇਆ ਗਿਆ ਹੈ, ਜੋ ਕਿ ਨਵੇਂ ਸਾਲ 'ਚ ਗ੍ਰਾਮ ਰੱਖਿਆ ਕਮੇਟੀਆਂ ਦੇ ਮੈਂਬਰਾਂ ਨਾਲ ਤਾਲਮੇਲ ਕਰਕੇ ਕੰਮ ਕਰਨਗੀਆਂ | ਆਧੁਨਿਕਰਨ ਦੀ ਇਸ ਨਿਰੰਤਰ ਮੁਹਿੰਮ ਨੂੰ ਉਜਾਗਰ ਕਰਦਿਆਂ ਡੀ.ਜੀ.ਪੀ. ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪਿਛਲੇ 3 ਸਾਲਾਂ 'ਚ ਪੰਜਾਬ ਪੁਲਿਸ ਦੇ ਆਧੁਨਿਕਰਨ 'ਤੇ 800 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਖ਼ਰਚੀ ਹੈ | ਸੂਬੇ ਦੇ ਸਮੁੱਚੇ ਸ਼ਹਿਰਾਂ ਦੇ ਸੀ.ਸੀ.ਟੀ.ਵੀ. ਫੀਡਜ਼ ਅਤੇ ਅਨੁਕੂਲ ਟ੍ਰੈਫ਼ਿਕ ਸਿਗਨਲਾਂ ਦੀ ਵਰਤੋਂ ਕਰਕੇ ਅਸਲ-ਸਮੇਂ ਦੀ ਨਿਗਰਾਨੀ ਲਈ ਇਨ੍ਹਾਂ ਨੂੰ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈ. ਸੀ.3) ਨਾਲ ਜੋੜਿਆ ਜਾਵੇਗਾ | ਇਸ ਮੌਕੇ ਆਈ.ਜੀ.ਪੀ. ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਵੀ ਹਾਜ਼ਰ ਸਨ |